ਪੰਜਾਬ

punjab

Nutrition Week 2023 : ਪੰਜਾਬੀਆਂ ਨੂੰ ਕੁਪੋਸ਼ਣ ਨੇ ਜਕੜਿਆ ! ਕੁੜੀਆਂ ਨੂੰ ਪੋਸ਼ਣ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਕਿਉ, ਵੇਖੋ ਖਾਸ ਰਿਪੋਰਟ

By ETV Bharat Punjabi Team

Published : Sep 1, 2023, 7:51 PM IST

ਸਾਡੇ ਖਾਣ-ਪੀਣ ਦਾ, ਸਾਡੀ ਸਿਹਤ ਨਾਲ ਸਿੱਧਾ ਸਬੰਧ ਹੈ। ਫਿਰ ਚਾਹੇ ਕਿਸ ਕਿਸਮ ਦਾ ਖਾਣਾ ਖਾ ਰਹੇ ਹੋ, ਜਾਂ ਖਾਣ ਸਬੰਧੀ ਕਿਹੋ ਜਿਹੀਆਂ ਆਦਤਾਂ ਹਨ। ਇਹ ਸਾਰਾ ਕੁਝ ਸਾਡੀ ਸਿਹਤ ਉੱਤੇ ਮਾੜਾ-ਚੰਗਾ ਪ੍ਰਭਾਵ ਪਾਉਂਦੇ ਹਨ। ਪੰਜਾਬ ਵਿੱਚ ਲੋਕਾਂ ਦੀ ਬਹੁਤ ਵੱਡੀ ਗਿਣਤੀ ਕੁਪੋਸ਼ਣ ਸਣੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਇਸ ਲਈ ਕੁੜੀਆਂ ਦਾ ਬਚਪਨ ਤੋਂ ਹੀ ਪੋਸ਼ਣ ਵੱਲ ਧਿਆਨ ਦੇਣ ਦੀ ਲੋੜ ਹੈ। ਵੇਖੋ ਇਹ ਖਾਸ ਰਿਪੋਰਟ।

Nutrition Week 2023, Nutrition Food Items
Nutrition Week

ਕੁੜੀਆਂ ਨੂੰ ਪੋਸ਼ਣ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਕਿਉ, ਵੇਖੋ ਖਾਸ ਰਿਪੋਰਟ



ਚੰਡੀਗੜ੍ਹ :
ਪੰਜਾਬ ਵਿਚ ਨੌਜਵਾਨਾਂ ਤੋਂ ਲੈ ਕੇ ਅਧਖੜ ਉਮਰ ਦੇ ਮਰਦਾਂ ਤੱਕ ਅਨੀਮੀਆ ਤੋਂ ਪੀੜਤ ਹਨ। ਖੁੱਲੇ ਡੀਲ ਡੋਲ ਵਾਲੇ ਅਤੇ ਖਾਣ ਪੀਣ ਦੇ ਸ਼ੌਕੀਨ ਪੰਜਾਬੀ ਵੀ ਕੁਪੋਸ਼ਣ ਤੋਂ ਪੀੜਤ ਹੁੰਦੇ ਜਾ ਰਹੇ ਹਨ। ਕੁਪੋਸ਼ਣ ਦਾ ਮਤਲਬ ਸਰੀਰ ਵਿੱਚ ਅਤੇ ਭੋਜਨ ਵਿੱਚ ਪੋਸ਼ਕ ਤੱਤਾਂ ਦੀ ਕਮੀ ਅਤੇ ਸਰੀਰ ਦਾ ਬਿਮਾਰੀਆਂ ਨਾਲ ਘਿਰਿਆ ਰਹਿਣਾ ਹੈ। ਇਹ ਕਪੋਸ਼ਣ ਹੀ ਹੈ ਜੋ ਬੱਚੇ, ਔਰਤਾਂ, ਨੌਜਵਾਨ ਅਤੇ ਮਰਦਾਂ ਵਿੱਚ ਖੂਨ ਦੀ ਕਮੀ ਹੋ ਰਹੀ ਹੈ। ਪੰਜਾਬ ਦਾ ਖਾਣ ਪੀਣ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ। ਦੁੱਧ, ਦਹੀਂ, ਲੱਸੀ, ਮੱਖਣ ਅਤੇ ਘਰ ਦੀਆਂ ਸਬਜ਼ੀਆਂ ਪੰਜਾਬ ਦੇ ਪਿੰਡਾਂ ਵਿੱਚ ਆਮ ਖਾਧਾ ਜਾਣ ਵਾਲਾ ਭੋਜਨ ਹੈ, ਪਰ ਕੁਪੋਸ਼ਣ ਸਬੰਧੀ ਆ ਰਹੀਆਂ ਰਿਪੋਰਟਾਂ ਪੰਜਾਬ ਲਈ ਵੀ ਚਿੰਤਾ ਦਾ ਸਬੱਬ ਹਨ।

ਕੀ ਕਹਿੰਦੀ ਹੈ ਰਿਪੋਰਟ:ਐਨਐਫਐਚਐਸ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਅੰਦਰ 58.7 ਫੀਸਦੀ ਔਰਤਾਂ ਅਨੀਮੀਆ ਦਾ ਸ਼ਿਕਾਰ ਹਨ, ਜਦਕਿ 6-59 ਮਹੀਨੇ ਦੀ ਉਮਰ ਦੇ 71% ਬੱਚੇ, 15-19 ਸਾਲ ਦੀ ਉਮਰ ਦੀਆਂ 60.3% ਲੜਕੀਆਂ ਅਤੇ 15-19 ਸਾਲ ਦੀ ਉਮਰ ਦੇ 32.7% ਲੜਕੇ ਪੰਜਾਬ ਵਿਚ ਅਨੀਮੀਆ ਦਾ ਸ਼ਿਕਾਰ ਹਨ। ਰਿਪੋਰਟ ਮੁਤਾਬਿਕ ਅਨੀਮੀਆ ਦਾ ਕੁੱਲ ਪ੍ਰਸਾਰ 51.5% ਹੈ । ਕੁੜੀਆਂ ਵਿੱਚ 5 ਸਾਲ ਅਤੇ 10-12 ਸਾਲ ਦੀ ਉਮਰ ਨੂੰ ਛੱਡ ਕੇ ਅਨੀਮੀਆ ਦਾ ਬਹੁਤ ਜ਼ਿਆਦਾ ਪ੍ਰਸਾਰ ਹੈ। ਮਾਹਵਾਰੀ ਨਾ ਹੋਣ ਵਾਲੀਆਂ ਕੁੜੀਆਂ ਦੇ ਮੁਕਾਬਲੇ ਜ਼ਿਆਦਾ ਮਾਹਵਾਰੀ ਵਾਲੀਆਂ ਕੁੜੀਆਂ ਅਨੀਮਿਕ ਪਾਈਆਂ ਗਈਆਂ।



ਪੰਜਾਬੀਆਂ ਨੂੰ ਕੁਪੋਸ਼ਣ ਨੇ ਜਕੜਿਆ !

ਬੱਚਿਆਂ 'ਚ ਖੂਨ ਦੀ ਕਮੀ: ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਜਿੱਥੇ 5 ਸਾਲ ਤੋਂ ਘੱਟ ਉਮਰ ਦੇ 71.1 ਫ਼ੀਸਦੀ ਬੱਚੇ ਅਨੀਮੀਆ ਤੋਂ ਪੀੜਤ ਹਨ, ਉੱਥੇ ਹੀ ਹਰਿਆਣਾ ਵਿੱਚ ਇਹ ਅੰਕੜਾ 70.4 ਫ਼ੀਸਦੀ ਹੈ। ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਗੱਲ ਕਰੀਏ, ਤਾਂ ਹਰਿਆਣਾ ਵਿੱਚ 60.4 ਫੀਸਦੀ ਔਰਤਾਂ ਅਤੇ ਚੰਡੀਗੜ੍ਹ ਵਿੱਚ 60.3 ਫੀਸਦੀ ਔਰਤਾਂ ਅਨੀਮੀਆ ਤੋਂ ਪੀੜਤ ਹਨ। ਹਾਲਾਂਕਿ ਪੰਜਾਬ (58.7%) ਅਤੇ ਹਿਮਾਚਲ ਪ੍ਰਦੇਸ਼ (53%) ਵਿੱਚ ਔਰਤਾਂ ਦੀ ਸਥਿਤੀ ਇਹਨਾਂ ਦੋਵਾਂ ਸੂਬਿਆਂ ਤੋਂ ਕੁਝ ਬਿਹਤਰ ਹੈ। ਪੰਜਾਬ ਦੇ ਪੇਂਡੂ ਖੇਤਰਾਂ ਵਿੱਚ 68.3 ਪ੍ਰਤੀਸ਼ਤ ਅਤੇ ਸ਼ਹਿਰੀ ਖੇਤਰਾਂ ਵਿੱਚ 64.2 ਫੀਸਦੀ ਬੱਚੇ ਖੂਨ ਦੀ ਕਮੀ ਨਾਲ ਪੀੜਤ ਹਨ। ਸ਼ਹਿਰੀ ਖੇਤਰਾਂ ਵਿੱਚ 64.2 ਫੀਸਦੀ ਬੱਚੇ ਖੂਨ ਦੀ ਕਮੀ ਨਾਲ ਪੀੜਤ ਹਨ।

ਪੰਜਾਬੀਆਂ ਨੂੰ ਪੋਸ਼ਣ ਦੀ ਥਾਂ ਕੁਪੋਸ਼ਣ ਨੇ ਕਿਉਂ ਜਕੜਿਆ ? : ਅਨੀਮੀਆ ਹੋਣਾ ਕਈ ਵਾਰ ਜੈਨੇਟਿਕ ਵੀ ਹੁੰਦਾ ਜਿਸ ਕਰਕੇ ਸਰੀਰ ਵਿੱਚ ਖੂਨ ਦੀ ਕਮੀ ਹੀ ਰਹਿੰਦੀ ਹੈ। ਦੂਜਾ ਕਾਰਨ ਇਹ ਸਰੀਰ ਵਿਚ ਆਈਰਨ ਦੀ ਕਮੀ ਰਹਿੰਦੀ ਹੈ, ਤਾਂ ਅਨੀਮੀਆ ਹੁੰਦਾ ਹੈ ਜਿਸ ਦਾ ਅਰਥ ਇਹ ਹੁੰਦਾ ਹੈ ਕਿ ਜਾਂ ਤਾਂ ਭੋਜਨ ਠੀਕ ਤਰ੍ਹਾਂ ਨਹੀਂ ਖਾਧਾ ਗਿਆ 'ਤੇ ਜਾਂ ਫਿਰ ਭੋਜਨ ਵਿਚ ਨਿਊਟ੍ਰਿਸ਼ਨ ਦੀ ਕਮੀ ਹੈ। ਆਧੁਨਿਕ ਭੋਜਨ ਵਿਚੋਂ ਹਰੀਆਂ ਸਬਜ਼ੀਆਂ, ਦੁੱਧ, ਦਹੀਂ, ਮੱਖਣ, ਦਾਲਾਂ ਅਤੇ ਪੋਸ਼ਟਿਕ ਭੋਜਨ ਦਾ ਰੁਝਾਨ ਘੱਟ ਗਿਆ ਹੈ। ਇਸੇ ਲਈ ਕੁਪੋਸ਼ਣ ਹਾਵੀ ਹੁੰਦਾ ਜਾ ਰਿਹਾ ਹੈ। ਪੀਜ਼ਾ, ਬਰਗਰ, ਜੰਕ ਫੂਡ ਸਰੀਰ ਨੂੰ ਪੋਸ਼ਟਿਕਤਾ ਦੀ ਥਾਂ ਨੁਕਸਾਨ ਪਹੁੰਚਾ ਰਿਹਾ ਹੈ। ਬਦਲਦੀ ਰੂਟੀਨ ਅਤੇ ਭੋਜਨ ਦੀਆਂ ਖ਼ਰਾਬ ਆਦਤ ਅਨੀਮੀਆਂ ਦੇ ਕਾਰਨਾਂ ਵਿਚੋਂ ਇਕ ਹੈ।


ਖਾਣ-ਪੀਣ ਦਾ, ਸਾਡੀ ਸਿਹਤ ਨਾਲ ਸਿੱਧਾ ਸਬੰਧ

ਪੋਸ਼ਟਿਕ ਭੋਜਨ ਵੱਲ ਧਿਆਨਾ ਦੇਣਾ ਜ਼ਰੂਰੀ : ਪੋਸ਼ਟਿਕ ਭੋਜਨ ਵਿੱਚ ਦਾਲਾਂ, ਤੇਲ ਬੀਜ, ਦੁੱਧ ਅਤੇ ਇਸ ਦੇ ਉਤਪਾਦ, ਮੀਟ, ਮੱਛੀ, ਪੋਲਟਰੀ, ਵਿਟਾਮਿਨ ਅਤੇ ਖਣਿਜ, ਹਰੀਆਂ ਪੱਤੇਦਾਰ ਸਬਜ਼ੀਆਂ, ਹੋਰ ਸਬਜ਼ੀਆਂ, ਫਲ, ਅੰਡੇ, ਅਤੇ ਮਾਸਾਹਾਰੀ ਭੋਜਨ। ਉਹ ਭੋਜਨ ਜੋ ਕੁਦਰਤੀ ਤੌਰ 'ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਉਨ੍ਹਾਂ ਵਿੱਚ ਫਲ ਅਤੇ ਸਬਜ਼ੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਮੱਛੀ, ਸਾਬਤ ਅਨਾਜ, ਫਲ਼ੀਦਾਰ, ਗਿਰੀਦਾਰ ਅਤੇ ਬੀਜ ਵੀ ਪੌਸ਼ਟਿਕ ਤੱਤ ਹੁੰਦੇ ਹਨ। ਆਪਣੇ ਰੂਟੀਨ ਵਿੱਚ ਇਹ ਭੋਜਨ ਸ਼ਾਮਿਲ ਕਰਕੇ ਸਰੀਰ ਨੂੰ ਲੋੜੀਂਦਾ ਪੋਸ਼ਣ ਦਿੱਤਾ ਜਾ ਸਕਦਾ ਹੈ। ਕੁਪੋਸ਼ਣ ਦਾ ਸ਼ਿਕਾਰ ਲੋਕਾਂ ਵਿਚ ਭੁੱਖ ਦੀ ਕਮੀ, ਖਾਣ-ਪੀਣ ਵਿੱਚ ਦਿਲਚਸਪੀ ਦੀ ਘਾਟ, ਹਰ ਸਮੇਂ ਥਕਾਵਟ ਮਹਿਸੂਸ ਕਰਨਾ, ਕਮਜ਼ੋਰ ਮਹਿਸੂਸ ਕਰਨਾ, ਅਕਸਰ ਬਿਮਾਰ ਹੋਣਾ ਅਤੇ ਠੀਕ ਹੋਣ ਲਈ ਲੰਬਾ ਸਮਾਂ ਲੈਣਾ, ਮੂਡ ਬਦਲਦਾ ਰਹਿਣਾ ਅਤੇ ਉਦਾਸੀ ਵਿਚ ਚਲੇ ਜਾਣ ਦੇ ਲੱਛਣ ਵੇਖਣ ਨੂੰ ਮਿਲਦੇ ਹਨ।


ਕੁੜੀਆਂ ਨੂੰ ਪੋਸ਼ਣ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ

ਕੁੜੀਆਂ ਨੂੰ ਪੋਸ਼ਣ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ :ਔਰਤਾਂ ਦੇ ਮਾਹਿਰ ਡਾ. ਪਾਰੁਲ ਬੇਦੀ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆ ਕਿਹਾ ਕਿ ਸਭ ਤੋਂ ਜ਼ਰੂਰੀ ਮਾਂ ਦਾ ਪੂਰੀ ਤਰ੍ਹਾਂ ਤੰਦਰੁਸਤ ਅਤੇ ਪੋਸ਼ਟਿਕ ਹੋਣਾ ਹੈ। ਮਾਂ ਦਾ ਪੋਸ਼ਣ ਜੇਕਰ ਬਿਲਕੁਲ ਸਹੀ ਹੋਵੇਗਾ ਤਾਂ ਹੀ ਅੱਗੇ ਜਾ ਕੇ ਬੱਚਿਆਂ ਅਤੇ ਆਉਣ ਵਾਲੀ ਪੀੜੀ ਤੱਕ ਪੋਸ਼ਣ ਪਹੁੰਚੇਗਾ। ਮਾਂ ਦਾ ਪੋਸ਼ਟਿਕ ਹੋਣਾ ਇਕ ਪੀੜੀ ਨੂੰ ਪੋਸ਼ਣ ਦੇਣ ਦੇ ਬਰਾਬਰ ਹੈ। ਗਰਭ ਅਵਸਥਾ ਵਿਚ ਔਰਤਾਂ ਚੰਗੇ ਖਾਣ ਪੀਣ ਅਤੇ ਸੰਤੁਲਿਤ ਭੋਜਨ ਨੂੰ ਤਰਜੀਹ ਦਿੰਦੀਆਂ ਹਨ, ਜਦਕਿ ਬਚਪਨ ਤੋਂ ਹੀ ਕੁੜੀਆਂ ਨੰ ਪੋਸ਼ਣ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਦੇ ਸਰੀਰਕ ਵਿਕਾਸ ਦਾ ਨਾਲ ਨਾਲ ਮਾਂ ਬਣਨ ਸਮੇਂ ਵੀ ਪੋਸ਼ਣ ਸਹਾਈ ਹੁੰਦਾ ਹੈ। ਇਕ ਤੰਦਰੁਸਤ ਮਾਂ ਹੀ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ। ਗਰਭ ਅਵਸਥਾ ਵਿਚ ਖੂਨ ਦੀ ਕਮੀ ਪੂਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਪੈਦਾ ਹੋਇਆ ਬੱਚਾ ਵੀ ਅਨੀਮੀਆ ਤੋਂ ਪੀੜਤ ਹੋ ਜਾਂਦਾ ਹੈ। ਇਹ ਪ੍ਰਕਿਰਿਆ ਉਸ ਦੇ ਵਾਧੇ ਅਤੇ ਵਿਕਾਸ ਦੇ ਨਾਲ ਨਾਲ ਚੱਲਦੀ ਰਹਿੰਦੀ ਹੈ।

ਪੋਸ਼ਣ ਲਈ ਸਰਕਾਰ ਕਿੰਨੀ ਗੰਭੀਰ ?: ਪੰਜਾਬ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਮਿਲਕੇ ਪੋਸ਼ਣ ਅਭਿਆਨ ਚਲਾਇਆ ਜਾ ਰਿਹਾ ਹੈ ਜੋ ਕਿ ਸਤੰਬਰ ਦਾ ਪੂਰਾ ਮਹੀਨਾ ਚੱਲੇਗਾ ਜਿਸ ਲਈ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, ਕਿਸ਼ੋਰ ਅਵਸਥਾ ਵਾਲੀਆਂ ਲੜਕੀਆਂ ਅਤੇ 6 ਸਾਲ ਤੱਕ ਦੀਆਂ ਬੱਚੀਆਂ ਦੇ ਪੋਸ਼ਣ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਤਹਿਤ ਸਵੱਸਥ ਬਾਲਕ, ਸਪਰਦਾ, ਪੋਸ਼ਣ ਵੀ ਪੜਾਈ ਵੀ, ਮਿਸ਼ਨ ਲਾਈਫ ਤਹਿਤ ਪੋਸ਼ਣ ਵਿਚ ਸੁਧਾਰ, ਮੇਰੀ ਮਾਟੀ ਮੇਰਾ ਦੇਸ਼, ਕਬੀਲਿਆਂ ਵਿਚ ਪੋਸ਼ਣ ਦੀ ਜਾਗਰੂਕਤਾ ਅਤੇ ਟੈਸਟ, ਟ੍ਰੀਟ ਟਾਲਕ ਅਨੀਮੀਆ ਪ੍ਰੋਗਰਮਾ ਚਲਾਏ ਜਾਣਗੇ। ਪੰਜਾਬ ਵਿਚ ਵੀ ਪੋਸ਼ਣ ਸਬੰਧੀ ਇਹ ਅਭਿਆਨ ਚਲਾ ਰਹੇ ਹਨ। ਇਸਤੋਂ ਇਲਾਵਾ ਪੰਜਾਬ ਦੇ ਸਕੂਲਾਂ ਵਿਚ ਡੀ ਵਰਮਿੰਗ ਅਤੇ ਆਈਰਨ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ।

ABOUT THE AUTHOR

...view details