ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਐਨਐਸਯੂਆਈ ਵੱਲੋਂ ਪਿਛਲੇ 10 ਦਿਨਾਂ ਤੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਉੱਤੇ ਬੈਠੇ ਹਨ, ਹਾਲੇ ਵੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੁੱਝ ਵੀ ਨਹੀਂ ਕੀਤਾ ਗਿਆ ਹੈ।
'ਜਿਹੜਾ ਵੀ.ਸੀ. ਵਿਦਿਆਰਥੀਆਂ ਨਾਲ ਖ਼ੁਦ ਪਬਜੀ ਖੇਡਦੈ, ਉਹ ਕੀ ਭਲਾ ਕਰੇਗਾ' ਐੱਨ.ਐੱਸ.ਯੂ.ਆਈ ਦੇ ਇੱਕ ਮੈਂਬਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ 10 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਉੱਤੇ ਬੈਠੇ ਹਨ। ਉਨ੍ਹਾਂ ਦੀਆਂ ਮੰਗਾਂ ਹਨ ਕਿ ਯੂਨੀਵਰਸਿਟੀ ਦੇ ਹਰ ਵਿਦਿਆਰਥੀ ਦੀ ਸਾਰੀ ਫ਼ੀਸ ਮੁਆਫ਼ ਕੀਤੀ ਜਾਵੇ, ਪ੍ਰੀਖਿਆ ਨਾ ਲੈ ਕੇ ਵਿਦਿਆਰਥੀਆਂ ਨੂੰ ਅਗਲੇ ਸੈਸ਼ਨ ਵਿੱਚ ਪ੍ਰਮੋਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਦਰਮਿਆਨ ਸਾਰੇ ਹੀ ਪ੍ਰਭਾਵਿਤ ਹੋਏ ਹਨ, ਯੂਨੀਵਰਸਿਟੀ ਵਿੱਚ ਪੜ੍ਹਣ ਵਾਲੇ ਲਗਭਗ ਸਾਰੇ ਵਿਦਿਆਰਥੀ ਮਿਡਲ ਕਲਾਸ ਘਰਾਂ ਤੋਂ ਹੀ ਹਨ।
ਉਨ੍ਹਾਂ ਨੇ ਦੋਸ਼ ਲਾਏ ਹਨ ਕਿ 10 ਦਿਨਾਂ ਬਾਅਦ ਵੀ ਕੋਈ ਵੀ ਉਨ੍ਹਾਂ ਨਾਲ ਗੱਲ ਕਰਨ ਲਈ ਰਾਜ਼ੀ ਨਹੀਂ ਹੈ ਅਤੇ ਨਾ ਹੀ ਕੋਈ ਉਨ੍ਹਾਂ ਤੱਕ ਗੱਲਬਾਤ ਲਈ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਵੀ.ਸੀ. ਯੂਨੀਵਰਸਿਟੀ ਨਹੀਂ ਚਲਾ ਸਕਦਾ ਤਾਂ ਸਾਡੇ ਕੋਲ ਤਾਲਾ ਹੈ, ਨੂੰ ਵੀ.ਸੀ ਦਫ਼ਤਰ ਨੂੰ ਲਾ ਦਿੱਤਾ ਜਾਵੇ।
ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਏ.ਬੀ.ਵੀ.ਪੀ ਵੱਲੋਂ ਸਟ੍ਰਾਈਕ ਦਾ ਝੂਠਾ ਨਾਟਕ ਕੀਤਾ ਜਾ ਰਿਹਾ ਹੈ। ਏ.ਬੀ.ਵੀ.ਪੀ. ਵੀ ਸਰਕਾਰ ਦਾ ਹਿੱਸਾ ਹੈ। ਉਹ ਤਾਂ ਉਲਟਾ ਵਿਦਿਆਰਥੀਆਂ ਦੀ ਸਿਰਫ਼ ਹੋਸਟਲ ਫ਼ੀਸ ਹੀ ਮੁਆਫ਼ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਏਬੀਵੀਪੀ ਤਾਂ ਬੈਠੀ ਪਬਜ਼ੀ ਖੇਡਦੀ ਰਹਿੰਦੀ ਹੈ ਅਤੇ ਉਨ੍ਹਾਂ ਦੇ ਨਾਲ ਵੀ.ਸੀ. ਖ਼ੁਦ ਪਬਜੀ ਖੇਡਦਾ ਹੈ। ਹੁਣ ਤੁਸੀਂ ਹੀ ਦੱਸੋ ਕਿ ਅਜਿਹਾ ਵੀ.ਸੀ. ਕਿਵੇਂ ਵਿਦਿਆਰਥੀਆਂ ਦਾ ਭਲਾ ਕਰ ਸਕਦਾ ਹੈ।