ਚੰਡੀਗੜ੍ਹ: ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਸਰਹੱਦ ਪਾਰੋਂ ਅਕਸਰ ਪੰਜਾਬ ਵਿਚ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਸਰਹੱਦ ਪਾਰੋਂ ਡਰੋਨਾਂ ਦੀ ਆਮਦ, ਨਸ਼ੇ ਅਤੇ ਹਥਿਆਰਾਂ ਦੀ ਸਰਹੱਦ ਪਾਰੋਂ ਆਉਂਦੀ ਖੇਪ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਇੰਨਾ ਹੀ ਨਹੀਂ ਅੱਤਵਾਦੀ ਗਤੀਵਿਧੀਆਂ ਵੀ ਸਰਹੱਦੀ ਖੇਤਰਾਂ ਰਾਹੀਂ ਪੰਜਾਬ ਵਿਚ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਜਿਹਨਾਂ ਗਤੀਵਿਧੀਆਂ ਨੂੰ ਕਾਬੂ ਕਰਨ ਲਈ ਪੰਜਾਬ ਵਿਚ ਐਨਐਸਜੀ ਹੱਬ ਬਣਾਉਣ ਦੀ ਗੱਲ ਚੱਲੀ ਹੈ ਤਾਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਰੱਖਿਆ ਜਾ ਸਕੇ। ਪਠਾਨਕੋਟ ਜ਼ਿਲ੍ਹੇ ਦੇ ਪਿੰਡ ਸਕੋਲ ਵਿਚ ਐਨਐਸਜੀ ਕੇਂਦਰ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ, ਜਿਸ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ 103 ਏਕੜ ਜ਼ਮੀਨ ਦੇਣ ਦਾ ਐਲਾਨ ਵੀ ਕੀਤਾ ਹੈ।
ਐਨਐਸਜੀ ਕੀ ਹੈ ?:ਐਨਐਸਜੀ ਯਾਨਿ ਕਿ ਨੈਸ਼ਨਲ ਸਕਿਉਰਿਟੀ ਗਾਰਡ ਆਮ ਤੌਰ 'ਤੇ ਬਲੈਕ ਕੈਟਸ ਵਜੋਂ ਜਾਣਿਆ ਜਾਂਦਾ ਹੈ। ਇਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਭਾਰਤ ਦੀ ਇੱਕ ਅੱਤਵਾਦ ਵਿਰੋਧੀ ਇਕਾਈ ਹੈ। ਇਸਦੀ ਸਥਾਪਨਾ 16 ਅਕਤੂਬਰ 1984 ਨੂੰ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਅੱਤਵਾਦੀ ਗਤੀਵਿਧੀਆਂ ਦਾ ਮੁਕਾਬਲਾ ਕਰਨ ਅਤੇ ਸੂਬਿਆਂ ਨੂੰ ਅੰਦਰੂਨੀ ਗੜਬੜੀਆਂ ਤੋਂ ਬਚਾਉਣ ਲਈ ਕੀਤੀ ਗਈ ਸੀ। ਰਾਸ਼ਟਰੀ ਸੁਰੱਖਿਆ ਗਾਰਡ ਐਕਟ, 1986 ਦੇ ਤਹਿਤ ਭਾਰਤ ਦੀ ਸੰਸਦ ਵਿੱਚ ਰਸਮੀ ਰੂਪ ਦਿੱਤਾ ਗਿਆ। ਇਹ ਭਾਰਤ ਦੇ ਸੱਤ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿੱਚੋਂ ਇੱਕ ਹੈ। ਐਨਐਸਜੀ ਦਾ ਹੈਡ ਕੁਆਟਰ ਦਿੱਲੀ ਵਿਚ ਹੈ ਅਤੇ ਟ੍ਰੇਨਿੰਗ ਸੈਂਟਰ ਮਾਨੇਸਰ ਵਿਚ ਸਥਾਪਿਤ ਹੈ। ਐਨਐਸਜੀ ਦੇ ਸਾਰੇ ਆਪ੍ਰੇਸ਼ਨ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਦੇ ਅਧੀਨ ਹੁੰਦੇ ਹਨ। ਦੇਸ਼ ਵਿੱਚ ਅੱਤਵਾਦ ਦੇ ਸਾਰੇ ਪਹਿਲੂਆਂ ਨਾਲ ਨਜਿੱਠਣ ਲਈ ਇੱਕ 'ਫੈਡਰਲ ਕੰਟੀਜੈਂਸੀ ਡਿਪਲਾਇਮੈਂਟ ਫੋਰਸ' ਜਿਸਦਾ ਗਠਨ ਹਾਈਜੈਕ ਵਿਰੋਧੀ ਕਾਰਵਾਈਆਂ, ਬਚਾਅ ਕਾਰਜਾਂ ਅਤੇ ਕੇਂਦਰੀ ਅਰਧ ਸੈਨਿਕ ਬਲਾਂ ਨੂੰ ਸਖ਼ਤ ਸਹਾਇਤਾ ਪ੍ਰਦਾਨ ਕਰਨ ਲਈ ਕੀਤਾ ਗਿਆ।
ਪਠਾਨਕੋਟ 'ਚ ਬਣੇਗਾ ਐਨਐਸਜੀ ਹੱਬ ! :ਪਾਕਿਸਤਾਨ ਵਾਲੇ ਪਾਸੇ ਤੋਂ ਜੋ ਘੁਸਪੈਠ ਦੀਆਂ ਗਤੀਵਿਧੀਆਂ ਵੱਧ ਰਹੀਆਂ ਹਨ। ਉਹਨਾਂ ਨੂੰ ਵੇਖਦਿਆਂ ਪੰਜਾਬ ਵਿਚ ਐਨਐਸਜੀ ਸੈਂਟਰ ਬਣਾਉਣ ਦੀ ਮੰਗ ਉੱਠ ਰਹੀ ਹੈ। ਪਠਾਨਕੋਟ ਦੇ ਪਿੰਡ ਸਕੋਲ ਵਿਚ ਇਕ ਏਕੜ ਜ਼ਮੀਨ ਦੀ ਕੀਮਤ 15 ਲੱਖ ਰੁਪਏ ਦੱਸੀ ਜਾ ਰਹੀ ਹੈ ਜੋ ਕਿ ਪੰਜਾਬ ਸਰਕਾਰ ਲੋਕ ਹਿੱਤ ਲਈ ਕੇਂਦਰ ਸਰਕਾਰ ਨੂੰ ਜ਼ਮੀਨ ਸੌਂਪਣ ਦਾ ਇਰਾਦਾ ਬਣਾ ਰਹੀ ਹੈ। ਹਾਲਾਂਕਿ ਇਹ ਚਰਚਾਵਾਂ ਵੀ ਹਨ ਕਿ ਕੇਂਦਰ ਸਰਕਾਰ ਮੁਫ਼ਤ ਵਿਚ ਜ਼ਮੀਨ ਲੈਣਾ ਚਾਹੁੰਦੀ ਹੈ। ਪਠਾਨਕੋਟ 'ਚ ਐਨਐਸਜੀ ਹੱਬ ਬਣਾਉਣ ਨਾਲ ਅਤਿਵਾਦੀ ਘੁਸਪੈਠ ਦੀਆਂ ਘਟਨਾਵਾਂ ’ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਹੁਣ ਤੱਕ ਪੰਜਾਬ ਵਿਚ ਜਦੋਂ ਵੀ ਅੱਤਵਾਦੀ ਗਤੀਵਿਧੀਆਂ ਨਾਲ ਨਜਿੱਠਣਾ ਪਿਆ ਉਦੋਂ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਐਨਐਸਜੀ ਮੰਗਵਾਉਣੀ ਪੈਂਦੀ ਹੈ। 2016 ਪਠਾਨਕੋਟ 'ਚ ਹੋਏ ਅੱਤਵਾਦਦੀ ਹਮਲੇ ਦੌਰਾਨ ਵੀ ਐਨਐਸਜੀ ਨੇ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਸੀ। ਚਰਚਾਵਾਂ ਹਨ ਕਿ ਪੰਜਾਬ ਵਿਚ ਜਲਦੀ ਹੀ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਹੋ ਜਾਵੇਗਾ। ਪਠਾਨਕੋਟ ਵਿਚ ਐਨਐਸਜੀ ਬਣਾਉਣ ਦੀ ਲੋੜ ਇਸ ਲਈ ਵੀ ਮਹਿਸੂਸ ਹੋ ਰਹੀ ਹੈ ਕਿਉਂਕਿ ਪਠਾਨਕੋਟ ਪੰਜਾਬ ਦਾ ਸੰਵੇਦਨਸ਼ੀਲ ਖੇਤਰ ਹੈ। ਪਠਾਨਕੋਟ ਦਾ ਏਅਰ ਫੋਰਸ ਸਟੇਸ਼ਨ ਏਸ਼ੀਆ ਵਿਚ ਸਭ ਤੋਂ ਵੱਡਾ ਹੈ। ਇਹ ਹਿਮਾਚਲ ਅਤੇ ਜੰਮੂ ਕਸ਼ਮੀਰ ਦੀਆਂ ਸਰਹੱਦਾਂ ਨਾਲ ਵੀ ਜੁੜਦਾ ਹੈ।