ਚੰਡੀਗੜ੍ਹ: ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਅਕਸਰ ਹੀ ਸਵਾਲਾਂ ਦੇ ਘੇਰੇ ਵਿੱਚ ਖੜ੍ਹੀ ਹੁੰਦੀ ਹੈ ਅਤੇ ਇੱਕ ਹੋਰ ਮਾਮਲਾ ਲੁਧਿਆਣੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੋਂ ਦਾ ਪਿਛੋਕੜ ਰੱਖਣ ਵਾਲੀ ਇੱਕ ਐਨਆਰਆਈ ਮਹਿਲਾ ਜੋਗਿੰਦਰ ਕੌਰ ਸੰਧੂ ਨੇ ਪੁਲਿਸ ਦੇ ਉੱਤੇ ਉਸ ਦਾ ਘਰ ਹਥਿਆਉਣ ਵਾਲੇ ਲੋਕਾਂ ਨੂੰ ਸ਼ਹਿ ਦੇਣ ਦਾ ਇਲਜ਼ਾਮ ਲਗਾਇਆ ਹੈ। ਜੋਗਿੰਦਰ ਕੌਰ ਪਿਛਲੇ ਲੰਮੇ ਸਮੇਂ ਤੋਂ ਫਰਾਂਸ ਦੇ ਵਿੱਚ ਰਹਿ ਰਹੀ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਕੌਰ ਸੰਧੂ ਨੇ ਦੱਸਿਆ ਕਿ ਉਹ ਪਿਛਲੇ 32 ਵਰ੍ਹਿਆਂ ਤੋਂ ਫਰਾਂਸ ਦੇ ਵਿੱਚ ਰਹਿੰਦੀ ਹੈ ਅਤੇ ਉਸ ਦੀਆਂ ਲੁਧਿਆਣਾ ਦੇ ਜੱਦੀ ਪਿੰਡ ਦਾਰਾਪੁਰ 'ਚ ਦੋ ਕੋਠੀਆਂ ਬਣਾਈਆਂ ਹੋਈਆਂ ਪਰ ਇਨ੍ਹਾਂ ਕੋਠੀਆਂ ਤੇ ਕੁੱਝ ਲੋਕਾਂ ਨੇ ਕਬਜ਼ਾ ਕਰ ਲਿਆ। ਜਦ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਨੇ ਉਨ੍ਹਾਂ ਦੇ ਨਾਲ ਬੁਰਾ ਵਤੀਰਾ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਵੀ ਸ਼ੁਰੂ ਹੋ ਗਈਆਂ।
ਜੋਗਿੰਦਰ ਸੰਧੂ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਇਲਾਵਾ ਹੋਰ ਕਿਤੇ ਵੀ ਨਹੀਂ ਗਏ। ਇਸ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਵੱਖ ਵੱਖ ਧਰਾਵਾਂ ਹੇਠ ਝੂਠੇ ਪਰਚੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਰਵਾ ਦਿੱਤੇ ਗਏ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਕਾਨੂੰਨੀ ਲੜਾਈ ਲੜੀ ਜਿਸ ਵਿੱਚ ਉਹ ਬਾਇੱਜ਼ਤ ਬਰੀ ਹੋ ਗਏ ਅਤੇ ਉਨ੍ਹਾਂ ਤੋਂ ਇਹ ਸਾਰੇ ਪਰਚੇ ਹਟਾ ਲਏ ਗਏ।