ਚੰਡੀਗੜ੍ਹ: 2017 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਐਨ.ਆਰ.ਆਈ. ਪੰਜਾਬੀਆਂ ਦੀ ਜ਼ਮੀਨਾਂ ਤੋਂ ਕਬਜ਼ੇ ਹਟਵਾਉਣ ਲਈ ਮੁੱਖ ਮੰਤਰੀ ਨੇ ਐਨ.ਆਰ.ਆਈ.ਪ੍ਰਾਪਰਟੀ ਸੇਫ਼ ਗਾਰਡ ਐਕਟ ਬਣਾਇਆ ਗਿਆ ਸੀ, ਜਿਸ ਮੁਤਾਬਕ ਕਿਸੇ ਦੀ ਐਨਆਰਆਈ ਦੇ ਜ਼ਮੀਨੀ ਵਿਵਾਦ ਨੂੰ ਤਿੰਨ ਮਹੀਨਿਆਂ 'ਚ ਖ਼ਤਮ ਕਰਨ ਦੀ ਹਦਾਇਤਾਂ ਦਿੱਤੀਆਂ ਸਨ, ਪਰ ਅਕਾਲੀਆਂ ਦੀ ਸਰਕਾਰ ਤੋਂ ਲੈ ਕੇ ਹੁਣ ਤੱਕ ਕਾਂਗਰਸ ਸਰਕਾਰ ਵਿੱਚ ਐਨ.ਆਰ.ਆਈ. ਪੰਜਾਬੀਆਂ ਦੀ ਜ਼ਮੀਨਾਂ 'ਤੇ ਲਗਾਤਾਰ ਕਬਜ਼ੇ ਹੋ ਰਹੇ ਹਨ। ਇਹ ਕਬਜ਼ੇ ਕੋਈ ਹੋਰ ਨਹੀਂ ਬਲਕਿ ਪੁਲਿਸ ਦੇ ਮੁਲਾਜ਼ਮ ਹੀ ਕਰ ਰਹੇ ਹਨ।
ਐਨ.ਆਰ.ਆਈ. ਜੋਗਿੰਦਰ ਕੌਰ ਨੇ ਏ.ਡੀ.ਜੀ.ਪੀ. ਕਰਾਈਮ ਸਣੇ ਐਸ.ਐਚ.ਓ. 'ਤੇ ਲਾਏ ਦੋਸ਼ ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੀ ਰਹਿਣ ਵਾਲੀ ਜੋਗਿੰਦਰ ਕੌਰ ਸੰਧੂ ਦਾ ਹੈ, ਜੋ 17 ਸਾਲਾਂ ਤੋਂ ਆਪਣੀ ਜ਼ਮੀਨ ਲਈ ਕਚਹਿਰੀਆਂ ਅਤੇ ਅਧਿਕਾਰੀਆਂ ਦੇ ਦਫ਼ਤਰਾਂ ਦੇ ਧੱਕੇ ਖਾ ਰਹੀ ਹੈ।
ਜੋਗਿੰਦਰ ਕੌਰ ਸੰਧੂ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਲਈ 17 ਸਾਲਾਂ ਤੋਂ ਅਧਿਕਾਰੀਆਂ ਦੇ ਦਫ਼ਤਰਾਂ ਅਤੇ ਕਚਹਿਰੀਆਂ ਦੇ ਗੇੜੇ ਕੱਟ ਰਹੀ ਹੈ, ਪਰ ਕੋਈ ਹੱਲ ਨਹੀਂ ਹੋਇਆ ਹੈ। ਇਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ 26 ਜਨਵਰੀ 'ਤੇ ਵਾਅਦਾ ਵੀ ਕੀਤਾ ਸੀ, ਪਰ ਉਸਦੀ ਮੁਸ਼ਕਿਲ ਦਾ ਹੱਲ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ ਉਸਦੀ ਜ਼ਮੀਨ 'ਤੇ ਏਡੀਜੀਪੀ ਕ੍ਰਾਈਮ ਅਤੇ ਉਸ ਸਮੇਂ ਦੇ ਐਸਐਚਓ ਨੇ ਉਨ੍ਹਾਂ ਦੀ ਜ਼ਮੀਨ 'ਤੇ ਗੁੰਡੇ ਬਿਠਾ ਕੇ ਕਬਜ਼ਾ ਕੀਤਾ ਹੋਇਆ ਹੈ। ਉਸ ਨੇ ਦੱਸਿਆ ਕਿ ਭਾਰਤ ਛੱਡਣ ਲਈ ਮਜਬੂਰ ਕਰਨ ਲਈ ਉਸ ਵਿਰੁੱਧ ਕੇਸ ਵੀ ਦਰਜ ਕੀਤੇ ਗਏ ਹਨ। ਜੋਗਿੰਦਰ ਕੌਰ ਨੇ ਕਿਹਾ ਕਿ ਉਹ ਇਨ੍ਹਾਂ ਪੁਲਿਸ ਵਾਲਿਆਂ ਨੂੰ ਸਜ਼ਾ ਦਵਾ ਕੇ ਹੀ ਹਟੇਗੀ।
ਦੱਸ ਦਈਏ ਕਿ ਲੁਧਿਆਣਾ ਦੀ ਰਹਿਣ ਵਾਲੀ ਇਸ ਜੋਗਿੰਦਰ ਕੌਰ ਦਾ ਪੂਰਾ ਪਰਿਵਾਰ ਫਰਾਂਸ ਵਿੱਚ ਰਹਿੰਦਾ ਹੈ ਅਤੇ ਇਸ ਦਾ ਪੁੱਤਰ ਫਰਾਂਸ ਵਿੱਚ ਪੁਲਿਸ ਅਧਿਕਾਰੀ ਹੈ। ਫਿਲਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਧਰਨਾ ਦੇਣ ਪੁੱਜੀ ਜੋਗਿੰਦਰ ਕੌਰ ਸੰਧੂ ਨੂੰ ਪੁਲਿਸ ਥਾਣੇ ਲੈ ਗਈ ਅਤੇ ਮੁੱਖ ਮੰਤਰੀ ਤੋਂ ਸਮਾਂ ਲੈ ਕੇ ਮੁਲਾਕਾਤ ਕਰਵਾਉਣ ਦਾ ਦਾਅਵਾ ਕੀਤਾ ਹੈ।