ਚੰਡੀਗੜ੍ਹ:ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸੱਤਾ ਸਾਂਭਣ ਤੋਂ ਪਹਿਲਾਂ ਹੀ ਸਿੱਖਿਆ ਦੇ ਸੁਧਾਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਤੇ ਸੂਬੇ ਦੀ ਸਿੱਖਿਆ 'ਚ ਦਿੱਲੀ ਮਾਡਲ ਲਾਗੂ ਕਰਨ ਦੀ ਗੱਲ ਆਖੀ ਜਾਂਦੀ ਰਹੀ ਹੈ। ਜਿਸ ਤੋਂ ਬਾਅਦ ਸੂਬੇ 'ਚ ਸੱਤਾ ਹੱਥ ਆਈ ਤਾਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਸਕੂਲਾਂ ਦੀ ਨੁਹਾਰ ਬਦਲਣ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਤੇ ਜਿਥੇ ਸਕੂਲਾਂ ਵਿਚਲੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਰਿਹਾ ਤਾਂ ਉਥੇ ਹੀ ਅਧਿਆਪਕਾਂ ਦੀ ਕਮੀ ਨੂੰ ਵੀ ਦੂਰ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸਿੱਖਿਆ ਮੰਤਰੀ ਵਲੋਂ ਕੀਤਾ ਗਿਆ ਟਵੀਟ ਹਰ ਸਕੂਲ ਹੁਣ ਵਾਈਫਾਈ ਨਾਲ ਜੁੜੇਗਾ:ਇਸ ਨੂੰ ਲੈਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਇੱਕ ਵਾਰ ਫਿਰ ਤੋਂ ਐਕਸ 'ਤੇ ਟਵੀਟ ਕਰਦਿਆਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਤੇ ਵੱਡਾ ਐਲਾਨ ਕੀਤਾ ਗਿਆ ਹੈ। ਇਸ 'ਚ ਮੰਤਰੀ ਬੈਂਸ ਨੇ ਦੱਸਿਆ ਕਿ ਪੰਜਾਬ ਦਾ ਹਰ ਸਕੂਲ ਹੁਣ ਵਾਈਫਾਈ ਨਾਲ ਜੁੜਿਆ ਹੋਵੇਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Bains) ਨੇ ਆਖਿਆ ਹੈ ਕਿ 31 ਮਾਰਚ 2024 ਤੱਕ ਹਰੇਕ ਸਕੂਲ ਵਿਚ ਵਾਈਫਾਈ ਹੋਵੇਗਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਡੈੱਡਲਾਈਨ ਦਿੱਤੀ ਗਈ ਸੀ ਅਤੇ ਇਸੇ ਮੁਤਾਬਕ ਕੰਮ ਹੋ ਰਿਹਾ ਹੈ।
ਗੈਰ ਹਾਜ਼ਰ ਬੱਚੇ ਵੀ ਕਲਾਸ ਨਾਲ ਜੁੜ ਸਕਣਗੇ: ਮੰਤਰੀ ਹਰਜੋਤ ਬੈਂਸ ਦਾ ਕਹਿਣਾ ਕਿ ਸਕੂਲਾਂ 'ਚ ਵਾਈਫਾਈ ਸਹੂਲਤ ਹੋਣ ਨਾਲ ਹੌਲੀ ਇੰਟਰਨੈੱਟ ਅਤੇ ਨੋ ਸਿੰਗਨਲ ਹੋਣ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦਾ ਫਾਇਦਾ ਵਿਦਿਆਰਥੀਆਂ ਤੇ ਅਧਿਆਪਕਾਂ ਦੋਵਾਂ ਨੂੰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਕਿਸੇ ਕਾਰਨ ਜਿਵੇਂ ਕਿ ਬੀਮਾਰ ਹੋਣ ਜਾਂ ਘਰ ‘ਤੇ ਜ਼ਰੂਰੀ ਕੰਮ ਜਾਂ ਕਿਸੇ ਹੋਰ ਕਾਰਨ ਤੋਂ ਸਕੂਲ ਨਹੀਂ ਜਾ ਸਕਣਗੇ, ਉਹ ਘਰ ਬੈਠੇ ਕਲਾਸ ਨਾਲ ਜੁੜ ਸਕਣਗੇ ਜਾਂ ਫਿਰ ਵਿਦਿਆਰਥੀਆਂ ਨੂੰ ਹੋਮਵਰਕ ਆਨਲਾਈਨ ਮਿਲ ਜਾਵੇਗਾ। ਇਸ ਦਿਸ਼ਾ ਵਿਚ ਵੀ ਵਿਭਾਗ ਵੱਲੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੈਂਸ ਨੇ ਦੱਸਿਆ ਕਿ ਸਕੂਲਾਂ ਨੂੰ ਹਾਈ ਸਪੀਡ ਇੰਟਰਨੈੱਟ ਤੇ ਵਾਈਫਾਈ ਨਾਲ ਕਨੈਕਟ ਕਰਨ ਲਈ ਸਿੱਖਿਆ ਵਿਭਾਗ ਵੱਲੋਂ BSNL ਤੇ ਆਈਬੀਐੱਮ ਨਾਲ ਐੱਮਓਯੂ ਸਾਈਨ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਕੁਆਲਿਟੀ ਐਜੂਕੇਸ਼ਨ ਦੇਣ ਦਾ ਟੀਚਾ ਹੈ।
ਬੈਂਚਾਂ ਤੇ ਅਧਿਆਪਕਾਂ ਦੀ ਕਮੀ ਹੋਵੇਗੀ ਦੂਰ:ਇਸ ਦੇ ਨਾਲ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਹੁਣ ਕੋਈ ਵੀ ਵਿਦਿਆਰਥੀ ਹੇਠਾਂ ਧਰਤੀ 'ਤੇ ਨਹੀਂ ਬੈਠੇਗਾ, ਕਿਉਂਕਿ ਸਾਏ ਸਰਕਾਰੀ ਸਕੂਲਾਂ 'ਚ ਬੱਚਿਆਂ ਦੇ ਬੈਠਣ ਲਈ ਬੈਂਚ ਮੁਹੱਈਆ ਕਰਵਾਏ ਜਾਣਗੇ। ਜਿਸ ਦਾ ਕੰਮ 31 ਮਾਰਚ ਤੱਕ ਹਰ ਹਾਲ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਵੇਂ ਅਧਿਆਪਕਾਂ ਦੀ ਭਰਤੀ ਬਾਰੇ ਵੀ ਐਲਾਨ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਸਰਕਾਰ ਜਲਦ ਹੀ ਅਧਿਆਪਕਾਂ ਦੀ ਕਮੀ ਨੂੰ ਦੂਰ ਕਰੇਗੀ।