ਮੁਹਾਲੀ: ਲਿਵਰ ਨੂੰ ਮਾਰ ਕਰਨ ਵਾਲੀ ਭਿਆਨਕ ਬਿਮਾਰੀ ਕਾਲਾ ਪੀਲੀਆ ਪੰਜਾਬ ਵਿੱਚ ਵੱਡੇ ਪੱਧਰ 'ਤੇ ਫੈਲ ਰਿਹਾ ਹੈ। ਸਰਕਾਰ ਵੱਲੋਂ ਨੈਸ਼ਨਲ ਵਾਇਰਸ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਬਣਾਇਆ ਗਿਆ ਹੈ ਜਿਸ ਅਧੀਨ ਇਸ ਦੇ ਮਰੀਜ਼ਾਂ ਦਾ ਇਲਾਜ ਅਤੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 596 ਨਵੇਂ ਮਰੀਜ਼ ਇਲਾਜ ਦੇ ਅਧੀਨ ਹਨ ਅਤੇ 260 ਦੇ ਕਰੀਬ ਲੋਕ ਇਲਾਜ ਪੂਰਾ ਕਰ ਚੁੱਕੇ ਹਨ।
ਕੀ ਹੈ ਕਾਲਾ ਪੀਲੀਆ?
ਮੁਹਾਲੀ ਦੇ ਕਾਲਾ ਪੀਲੀਆ ਨੋਡਲ ਅਫ਼ਸਰ ਡਾ. ਹਰਮਨਦੀਪ ਦੇ ਮੁਤਾਬਕ ਕਾਲਾ ਪੀਲੀਆ ਖ਼ੂਨ ਦੇ ਵਿੱਚ ਇੱਕ ਵਾਇਰਸ ਕਾਰਨ ਫੈਲਦਾ ਹੈ ਜੋ ਸਿੱਧਾ ਲਿਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਈ ਵਾਰੀ ਇਸ ਦਾ ਇਲਾਜ ਨਾ ਕਰਵਾਉਣ ਕਰਕੇ ਇਹ ਲਿਵਰ ਦੇ ਕੈਂਸਰ ਦਾ ਕਾਰਨ ਵੀ ਬਣ ਜਾਂਦਾ ਹੈ ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।
ਕਿਸ ਤਰ੍ਹਾਂ ਫੈਲਦਾ ਹੈ?
ਕਾਲਾ ਪੀਲੀਆ ਇੱਕ ਵਿਅਕਤੀ ਤੋਂ ਦੂਜੇ ਨੂੰ ਖੂਨ ਰਾਹੀਂ ਫ਼ੈਲਦਾ ਹੈ। ਇਸ ਬਿਮਾਰੀ ਦਾ ਸਭ ਜ਼ਿਆਦਾ ਸ਼ਿਕਾਰ ਨਸ਼ਾ ਕਰਨ ਵਾਲੇ ਵਿਅਕਤੀ ਹੁੰਦੇ ਹਨ ਜੋ ਕਿ ਇੱਕ ਦੂਜੇ ਦੀਆਂ ਸਰਿੰਜਾਂ ਦੀ ਵਰਤੋਂ ਕਰਦੇ ਹਨ। ਦੂਜਾ, ਹਸਪਤਾਲ 'ਚ ਸਰਜਰੀ ਦੌਰਾਨ ਵਰਤੇ ਜਾ ਰਹੇ ਖੂਨ ਵੀ ਇਸਦੇ ਫ਼ੈਲਣ ਦਾ ਮੁੱਖ ਕਾਰਨ ਹੈ।