ਪੰਜਾਬ

punjab

ETV Bharat / state

ਨਿੱਕੀਆਂ ਜਿੰਦਾਂ ਵੱਡੇ ਸਾਕੇ: ਸਿੱਖ ਇਤਿਹਾਸ ਵਿੱਚ 12 ਪੋਹ ਦਾ ਇਤਿਹਾਸਕ ਮਹੱਤਵ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ

Chote Sahibzade Shaheedi: 12 ਪੋਹ ਦਾ ਦਿਨ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ 'ਚ ਦੂਜੀ ਵਾਰ ਪੇਸ਼ ਕੀਤਾ ਗਿਆ ਸੀ। ਇਸ ਦਿਨ ਸੂਬਾ ਸਰਹਿੰਦ ਵਜ਼ੀਰ ਖਾਨ ਨੇ ਕਈ ਤਰ੍ਹਾਂ ਦੇ ਲਾਲਚ ਤੇ ਡਰਾਵੇ ਸਾਹਿਬਜ਼ਾਦਿਆਂ ਨੂੰ ਦਿੱਤੇ ਪਰ ਉਨ੍ਹਾਂ ਈਨ ਨਾ ਮੰਨੀ ਤੇ ਧਰਮ ਤੋਂ ਨਾ ਡੋਲੇ।

importance of 12 poh in Sikh history, tribute to the martyrdom of little Sahibzadas
ਨਿੱਕੀਆਂ ਜਿੰਦਾਂ ਵੱਡੇ ਸਾਕੇ,ਸਿੱਖ ਇਤਿਹਾਸ ਵਿੱਚ 12 ਪੋਹ ਦਾ ਮਹੱਤ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ

By ETV Bharat Punjabi Team

Published : Dec 27, 2023, 12:39 PM IST

ਚੰਡੀਗੜ੍ਹ : ਅੱਜ 27 ਦਸੰਬਰ 12 ਪੋਹ ਦਾ ਉਹ ਦਿਨ ਹੈ ਜਦੋਂ ਧਰਮ ਦੀ ਰਾਖੀ ਕਰਨ ਵਾਲੇ ਅਤੇ ਸਿੱਖ ਕੌਮ ਦੀ ਖ਼ਾਤਿਰ ਸਰਬੰਸ ਦਾਨ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸੂਬੇ ਦੀ ਕਚਹਿਰੀ 'ਚ ਦੂਜੀ ਵਾਰ ਪੇਸ਼ ਕੀਤਾ ਗਿਆ ਸੀ। ਸੂਬਾ ਸਰਹਿੰਦ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਡਰਾਵੇ ਅਤੇ ਲਾਲਚ ਦਿੱਤੇ ਤਾਂ ਜੋ ਉਹ ਈਨ ਮੰਨ ਲੈਣ ਪਰ ਸਾਹਿਬਜ਼ਾਦੇ ਆਪਣੇ ਧਰਮ ਦੇ ਪੱਕੇ ਸਨ ਅਤੇ ਉਨ੍ਹਾਂ ਨੇ ਸੂਬਾ ਸਰਹਿੰਦ ਦੀ ਈਨ ਨਾ ਮੰਨੀ ਤੇ ਨਾ ਹੀ ਕਿਸੇ ਤਰ੍ਹਾਂ ਦੇ ਲਾਲਚ 'ਚ ਆਏ। ਜਿਸ ਤੋਂ ਗੁੱਸੇ 'ਚ ਆਏ ਸੂਬਾ ਸਰਹਿੰਦ ਦੇ ਨਵਾਬ ਵਲੋਂ ਛੋਟੇ-ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਨੀਹਾਂ 'ਚ ਚਿਣਵਾ ਦੇਣ ਦਾ ਹੁਕਮ ਦੇ ਦਿੱਤਾ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਨਾਲ, ਜ਼ੁਲਮ ਤੇ ਤਸ਼ੱਦਦ ਵਿਰੁੱਧ, ਧਾਰਮਿਕ ਸੁਤੰਤਰਤਾ ਲਈ ਡਟ ਕੇ ਮੁਕਾਬਲਾ ਕਰਨ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।

ਪਰਿਵਾਰ ਵਿਛੋੜਾ : ਸੰਨ 1704 ਈ : ਨੂੰ ਮੁਗਲ ਤੇ ਪਹਾੜੀ ਰਾਜਿਆਂ ਨੇ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਇਆ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਸਮਝੌਤਾ ਹੋਇਆ ਕਿ ਉਹ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਚਲੇ ਜਾਣ। ਜਦੋਂ ਗੁਰੂ ਸਾਹਿਬ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚੱਲੇ ਤਾਂ ਮੁਗਲ ਤੇ ਪਹਾੜੀ ਰਾਜਿਆਂ ਨੇ ਆਪਣਾ ਸਮਝੌਤਾ ਤੋੜਦੇ ਹੋਏ ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਹੀ ਗੁਰੂ ਸਾਹਿਬ ਤੇ ਮੁਗਲ ਅਤੇ ਪਹਾੜੀ ਰਾਜਿਆਂ ਵਿਚਕਾਰ ਗਹਿਗੱਚ ਲੜਾਈ ਹੋਈ ਤੇ ਇਸੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦਾ ਸਰਸਾ ਨਦੀ ਦੇ ਕੰਡੇ ’ਤੇ ਸਾਰਾ ਪਰਿਵਾਰ ਵਿੱਛੜ ਜਾਂਦਾ ਹੈ, ਜਿਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇਕ ਪਾਸੇ ਹੋ ਜਾਂਦੇ ਹਨ, ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਵੱਲ ਨੂੰ ਚਲੇ ਜਾਂਦੇ ਨੇ ਅਤੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਅਤੇ ਹੋਰ ਸਿੰਘਾਂ ਨਾਲ ਦਿੱਲੀ ਵੱਲ ਨੂੰ ਚਾਲੇ ਪਾ ਦਿੰਦੇ ਨੇ। ਜਿੱਥੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜਿਆ, ਉਥੇ ਅੱਜਕਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਸ਼ੋਭਿਤ ਹੈ।

ਗੰਗੂ ਪਾਪੀ ਨੇ ਸਾਹਿਬਜ਼ਾਦਿਆਂ ਤੇ ਦਾਦੀ ਮਾਤਾ ਨੂੰ ਕਰਵਾਇਆ ਗਿਰਫ਼ਤਾਰ :ਪਰਿਵਾਰ ਵਿਛੋੜੇ ਤੋਂ ਬਾਅਦ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨਾਲ ਦਾਦੀ ਮਾਤਾ ਗੁਜਰ ਕੌਰ ਨੇ ਸ੍ਰੀ ਫਤਿਹਗੜ੍ਹ ਸਾਹਿਬ ਵੱਲ ਚਾਲੇ ਪਾਏ ਜਿਥੇ ਮਾਤਾ ਗੁਜਰ ਕੌਰ ਆਪਣੇ ਰਸੋਈਏ ਗੰਗੂ ਨਾਲ ਕੁਮਾਂ ਮਾਸ਼ਕੀ ਕੋਲਸ਼ਰਨ ਲੈਕੇ ਰਹਿਣ ਲੱਗੇ ਜਿਥੇ ਗੰਗੂ ਬਾਹਮਣ ਦਾ ਮੰਨ ਡੋਲਿਆ ਅਤੇ ਲਾਲਚੀ ਗੰਗੂ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਜਾਣਕਾਰੀ ਸੂਬਾ ਸਰਹਿੰਦ ਨੂੰ ਦੇਕੇ ਗਿਰਫਤਾਰੀ ਕਰਵਾ ਦਿੱਤੀ। ਇਸ ਤੋਂ ਬਾਅਦ ਸੂਬਾ ਸਰਹਿੰਦ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਉੱਤੇ ਤਸ਼ੱਦਦ ਢਾਹਿਆ।ਉਹਨਾਂ ਨੂੰ ਸਰਦ ਠੰਡੀਆਂ ਰਾਤਾਂ ਵਿੱਚ ਠੰਡੇ ਬੁਰਜ 'ਤੇ ਬੰਦੀ ਰਖਿਆ ਜਿਥੇ ਹਰ ਪਾਸੇ ਹਵਾਦਾਰ ਚੁਬਾਰੇ ਸਨ। ਕੋਈ ਨਾ ਬੂਹਾ ਸੀ ਨਾ ਹੀ ਕੋਈ ਬਾਰੀ ਸੀ ਅਤੇ ਨਾ ਹੀ ਕੋਈ ਅਜਿਹਾ ਵਸਤਰ ਸੀ ਜੋ ਉਹਨਾਂ ਦੀ ਠੰਡ ਨੂੰ ਰੋਕ ਸਕਦਾ।

ਛੋਟੇ ਸਾਹਿਬਜ਼ਾਦੇ ਆਪਣੇ ਧਰਮ ਪ੍ਰਤੀ ਅਡੋਲ ਰਹੇ : ਸੂਬਾ ਸਰਹਿੰਦ ਦੀ ਕੈਦ ਵਿੱਚ ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ (ਦੁੱਧ ਪੀਂਦੇ ਬੱਚਿਆਂ) ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਜੋਗੀ ਦੇ ਸ਼ਬਦਾਂ ਵਿੱਚ- ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ। ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।

ਠੰਡੇ ਬੁਰਜ ਦੀਆਂ ਸ਼ੀਤ ਲਹਿਰਾਂ ਤੋਂ ਬਚਾਉਂਦਾ ਦਾਦੀ ਦੀ ਬੁੱਕਲ ਦਾ ਨਿੱਘ : ਸੂਬਾ ਸਰਹਿੰਦ ਛੋਟੇ ਸਾਹਿਬਜ਼ਾਦਿਆਂ ਨੂੰ ਹੋਰ ਡਰਾਵੇ ਤੇ ਲਾਲਚ ਦੇ ਕੇ ਆਪਣੇ ਧਰਮ ਅੰਦਰ ਲਿਆਣਾ ਚਾਹਿਆ, ਪਰ ਛੋਟੇ ਸਾਹਿਬਜ਼ਾਦੇ ਆਪਣੇ ਧਰਮ ਪ੍ਰਤੀ ਅਡੋਲ ਰਹੇ। ਇਸ ਤੋਂ ਬਾਅਦ ਸਾਰੀ ਰਾਤ ਦਾਦੀ ਦੀ ਗੋਦੀ ਵਿੱਚ ਸਾਹਿਬਜ਼ਾਦਿਆਂ ਨੇ ਕੱਟੀ, ਮਾਤਾ ਗੁਜਰ ਕੌਰ ਕਦੇ ਉਹਨਾਂ ਦੇ ਹੱਥਾਂ ਨੂੰ ਮਲਦੀ ਹੈ, ਕਦੇ ਪੈਰਾਂ ਨੂੰ ਅਤੇ ਨਾਲ ਨਾਲ ਆਪਣੇ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਉਹਨਾਂ ਨੂੰ ਹੋਰ ਮਜਬੂਤ ਅਤੇ ਨਿਘ ਦੇ ਰਹੇ ਹਨ। ਕੜਾਕੇ ਦੀ ਠੰਡ ਵਿੱਚ ਧੰਨ ਹਨ ਸਾਹਿਬਜ਼ਾਦੇ ਜੋ ਨਿੱਕੀਆਂ ਨਿੱਕੀਆਂ ਉਮਰਾਂ ਵਿੱਚ ਵੀ ਜ਼ਰਾ ਜਿਹਾ ਵੀ ਡੋਲੇ ਨਹੀਂ, ਡੋਲਣ ਵੀ ਕਿਵੇਂ, ਉਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਅਤੇ ਰਗਾਂ ਵਿੱਚ ਦਾਦੇ ਦੀ ਸ਼ਹਾਦਤ, ਦਾਦੀ ਦੀ ਸਿੱਖਿਆ ਅਤੇ ਰੋਮ ਰੋਮ ਵਿੱਚ ਗੁਰਬਾਣੀ ਵੱਸੀ ਹੋਈ ਸੀ।

ਇਥੇ ਸਦਾ ਲਈ ਕੋਈ ਵੀ ਨਹੀਂ ਰਹੇਗਾ: ਨਵਾਬ ਨੇ ਫਿਰ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਹੁਣ ਤੁਹਾਡੀ ਮੌਤ ਨਿਸ਼ਚਿਤ ਹੈ, ਜੇ ਤੁਸੀ ਬਚਨਾ ਚਾਹੁੰਦੇ ਹੋ ਤਾਂ ਮੇਰੀ ਗੱਲ ਮੰਨ ਲਉ, ਇਸਲਾਮ ਕਬੂਲ ਕਰ ਲਉ ਨਹੀਂ ਤਾਂ ਮਾਰੇ ਜਾਉਂਗੇ। ਸਾਹਿਬਜ਼ਾਦਿਆਂ ਨੇ ਕਿਹਾ ਕਿ “ਮਰਣੁ ਲਿਖਾਇ ਮੰਡਲ ਮਹਿ ਆਏ ॥“ ਇਥੇ ਸਦਾ ਲਈ ਕੋਈ ਵੀ ਨਹੀਂ ਰਹੇਗਾ,ਹਰੇਕ ਇਸ ਧਰਤੀ ਤੇ ਆਉਣ ਵਾਲਾ ਪ੍ਰਾਣੀ ਅਪਨੀ ਮੌਤ ਲਿਖਵਾਂ ਕਿ ਲਿਆਉਂਦੇ ਹੈ, ਅੱਜ ਸਾਡੀ ਤੇ ਕਲ ਤੇਰੀ ਵਾਰੀ ਹੋਏਗੀ। ਨਵਾਬ ਹੁਣ ਜਿਆਦਾ ਨਹੀਂ ਸੁਣ ਸਕਦਾ ਸੀ, ਉਸਨੇ ਹੁਕਮ ਕੀਤਾ ਕਿ ਇਹਨਾਂ ਨੂੰ ਹੁਣੇ ਹੀ ਨੀਹਾਂ ਵਿੱਚ ਚਿਣ ਦਿੱਤਾ ਜਾਏ ਤਾਂ ਜੋ ਇਹਨਾਂ ਦੀ ਸਾਰੀ ਆਕੜ ਭੰਨੀ ਜਾ ਸਕੇ.. ਪਰ ਉਸ ਵੇਲੇ ਕੋਈ ਵੀ ਜ਼ਲਾਦ ਜਾਂ ਮਿਸਤਰੀ ਇਹ ਸਭ ਕਰਨ ਲਈ ਤਿਆਰ ਨਹੀਂ ਹੋ ਰਿਹਾ ਸੀ, ਕਿਉਕਿ ਐਨੇ ਨਿੱਕੇ ਨਿੱਕੇ ਬੱਚਿਆਂ ਨੂੰ ਕੌਣ ਚਿਣੇ, ਐਡਾ ਕਲੇਜਾ ਕਿਸੇ ਦਾ ਵੀ ਨਹੀਂ ਸੀ, ਅੰਤ ਸਾਹਿਬਜ਼ਾਦਿਆਂ ਨੂੰ ਵਾਪਸ ਠੰਡੇ ਬੁਰਜ ਵਿੱਚ ਭੇਜਿਆ ਗਿਆ ਅਤੇ ਜਲਦੀ ਤੋ ਜਲਦੀ ਜਲਾਦਾਂ ਦਾ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ ਗਏ

ਹੱਥੀਂ ਤਿਆਰ ਕਰਕੇ ਮਾਤਾ ਗੁਜਰੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤੋਰਿਆ :ਸਾਹਿਬਜ਼ਾਦੇ ਬੁਰਜ ਵਿੱਚ ਪਹੁੰਚੇ ਅਤੇ ਮਾਤਾ ਜੀ ਨੂੰ ਸਾਰੀ ਗੱਲ ਸੁਣਾਈ ਤਾਂ ਦਾਦੀ ਦਾ ਰੁਗ ਭਰ ਆਇਆ ਅਤੇ ਕਿਹਾ, ਕਿ ਤੁਸਾਂ ਰੱਖ ਵਖਾਈ ਏ ਪੁੱਤਰੋ, ਤੁਸੀ ਆਪਣੇ ਦਾਦੇ ਦਾ ਸਚਮੁਚ ਸਿਰ ਉੱਚਾ ਕਰ ਦਿੱਤਾ ਹੈ, ਕਰਤਾਰ ਤੁਹਾਡੇ ਅੰਗ ਸੰਗ ਸਹਾਈ ਹੋਵੇ। ਛੋਟੇ ਸਾਹਿਬਜ਼ਾਦਿਆਂ ਨੂੰ ਵੇਖ ਕੇ ਧੰਨ ਮਾਤਾ ਗੁਜਰ ਕੌਰ ਜੀ ਫ਼ਖ਼ਰ ਮਹਿਸੂਸ ਕਰ ਰਹੇ ਸਨ, ਅਤੇ ਉਹਨਾਂ ਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹਨਾਂ ਨੇ ਇੱਕ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ, ਬਿਨਾਂ ਕੋਈ ਤੀਰ ਤਲਵਾਰ ਚਲਾਏ ਸਾਰੇ ਵੈਰੀਆਂ ਨੂੰ ਚਿਤ ਕਰ ਦਿੱਤਾ ਹੋਵੇ, ਇਹ ਜਿੱਤ ਵਿੱਚ ਦਾਦੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਹੋਰ ਸਾਖੀਆਂ ਅਤੇ ਗੁਰਬਾਣੀ ਰਾਂਹੀ ਤੇਜ਼ ਕੀਤਾ, ਰਾਤ ਨੂੰ ਰਹਿਰਾਸ ਅਤੇ ਸੋਹਿਲਾ ਪੜਿਆ ਅਤੇ ਸਵੇਰੇ ਨਿਤਨੇਮ ਕਰਨ ਤੋ ਬਾਅਦ ਦਾਦੀ ਜੀ ਨੇ ਪੋਤਿਆਂ ਨੂੰ ਬੜੇ ਚਾਵਾਂ ਨਾਲ ਤਿਆਰ ਕੀਤਾ, ਉਹਨਾਂ ਨੂੰ ਪਤਾ ਸੀ ਕਿ ਅੱਜ ਇਹ ਆਖ਼ਰੀ ਮੁਲਾਕਾਤ ਹੈ ਪਰ ਕੋਈ ਘਬਰਾਹਟ ਨਹੀਂ ਸੀ, ਬਲਕਿ ਰੋਮ ਰੋਮ ਸ਼ੁਕਰਾਨਾ ਕਰ ਰਹੀ ਸੀ ਕਿ ਅਸੀਂ ਤਿੰਨੇ ਹੀ ਆਪਣੇ ਇਮਤਿਹਾਨਾ ਵਿੱਚ ਪਾਸ ਹੋਣ ਜਾ ਰਹੇ ਹਾਂ, ਉਹਨਾਂ ਦੇ ਸਿਰ ਤੇ ਕਰਤਾਰ ਦਾ ਹੱਥ ਸੀ, ਉਹਨਾਂ ਦੇ ਚਿਹਰਿਆਂ 'ਤੇ ਨੂਰ ਸੀ ਤੇ ਦੁਸ਼ਮਨਾਂ ਦੇ ਚਿਹਰਿਆਂ ਤੇ ਨਾਮੌਸ਼ੀ ਛਾਈ ਪਈ ਸੀ ਕਿਉਕਿ ਉਹ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਕੋਲੋ ਹਾਰ ਗਏ ਸਨ।

ABOUT THE AUTHOR

...view details