ਚੰਡੀਗੜ੍ਹ: ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਕੇਸਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿੱਚ ਸ਼ਨਿੱਚਰਵਾਰ ਤੋਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਵੱਡੇ ਸ਼ਹਿਰਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬਿਮਾਰੀ ਦੇ ਇਲਾਜ ਲਈ ਏਕੀਤਿ ਪ੍ਰਬੰਧਨ ਯੋਜਨਾ ਤਿਆਰ ਕਰਨ ਦੇ ਵੀ ਹੁਕਮ ਦਿੱਤੇ।
ਫੇਸਬੁੱਕ ’ਤੇ ਲਾਈਵ ਹਫ਼ਾਤਵਰੀ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਨੂੰ ਇਸ ਵਾਰ ਇੱਕ ਦਿਨ ਅਗਾਊਂ ਕੀਤਾ ਗਿਆ ਤਾਂ ਕਿ ਮੁੱਖ ਮੰਤਰੀ ਤਰਨ ਤਾਰਨ ਜ਼ਿਲੇ ਵਿੱਚ ਨਕਲੀ ਸ਼ਰਾਬ ਦੁਖਾਂਤ ਦੇ ਪੀੜਤਾਂ ਨੂੰ ਮਿਲਣ ਲਈ ਅੱਜ ਕੀਤੇ ਆਪਣੇ ਦੌਰੇ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਣ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਆਪਣੇ ਆਪ ਦਾ ਛੇਤੀ ਟੈਸਟ ਕਰਵਾਉਣ ਅਤੇ ਢੁਕਵੇਂ ਹਸਪਤਾਲ ਤੋਂ ਇਲਾਜ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ। ਉਨਾਂ ਨੇ ਲੋਕਾਂ ਨੂੰ ਸਿੱਧੇ ਪ੍ਰਾਈਵੇਟ ਹਸਪਤਾਲਾਂ ਵੱਲ੍ਹ ਵੀ ਨਾ ਭੱਜਣ ਦੀ ਅਪੀਲ ਕੀਤੀ ਕਿਉਂ ਜੋ ਸਰਕਾਰੀ ਹਸਪਤਾਲਾਂ ਵਿੱਚ ਵੀ ਬਿਹਤਰ ਇਲਾਜ ਉਪਲਬਧ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਗੈਰ-ਕੋਵਿਡ ਮਰੀਜ਼ ਡਾ. ਪਰਵਿੰਦਰ ਦੀ ਮੌਤ ਦੇ ਮਾਮਲੇ ਵਿੱਚ ਉਪ ਕੁਲਪਤੀ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਕਿਉਂ ਜੋ ਡਾਕਟਰਾਂ ਨੇ ਫਾਈਲ ਦਾ ਕੰਮ ਮੁਕੰਮਲ ਹੋਣ ਅਤੇ ਕੋਵਿਡ ਦੀ ਰਿਪੋਰਟ ਆਉਣ ਤੱਕ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਉਹ ਸਾਹ ਔਖਾ ਆਉਣ ਦੀ ਤਕਲੀਫ ਨਾਲ ਜੂਝ ਰਿਹਾ ਸੀ। ਮ੍ਰਿਤਕ ਦੀ ਪਤਨੀ ਡਾ. ਨੀਤਾ ਪਾਂਡੂ ਜੋ ਅਬੋਹਰ ਤੋਂ ਹਨ, ਨਾਲ ਡੂੰਘੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਮਰੀਜ਼ਾਂ ਦਾ ਇਲਾਜ ਹਰ ਸੂਰਤ ਵਿੱਚ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਤਰਨ ਤਾਰਨ ਦੇ ਵਾਸੀ ਵੱਲੋਂ ਕੀਤੇ ਸਵਾਲ ਕਿ ਨਕਲੀ ਸ਼ਰਾਬ ਦੁਖਾਂਤ ਦੇ ਪੀੜਤ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ਮਿਲਣ ਸਮੇਂ ਕੀ ਦੱਸਿਆ ਗਿਆ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਅਤੇ ਸਜ਼ਾ ਚਾਹੁੰਦੇ ਹਨ। ਭਾਵੇਂ ਪੀੜਤ ਪਰਿਵਾਰਾਂ ਵੱਲੋਂ ਇਹ ਮੰਗ ਨਹੀਂ ਕੀਤੀ ਗਈ ਪਰ ਉਨ੍ਹਾਂ ਵੱਲੋਂ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਹੋਵੇ ਉਹ ਮੁਹੱਈਆ ਕਰਵਾਈ ਜਾਵੇ ਭਾਵੇਂ ਨੌਕਰੀਆਂ ਹੋਣ ਜਾਂ ਘਰਾਂ ਦੀ ਹਾਲਤ ਵਿੱਚ ਸੁਧਾਰ।
ਖੇਤੀਬਾੜੀ ਵਿਭਾਗ ਨੂੰ ਚੰਗੇ ਦਰਜੇ ਦੀਆਂ ਕੀੜੇਮਾਰ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਅਤੇ ਘਟੀਆ ਦਵਾਈਆਂ ਸਪਲਾਈ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਲਈ ਕੀਤੀ ਗਈ ਇਕ ਬੇਨਤੀ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਵੱਲੋਂ ਨਕਲੀ ਕੀੜੇਮਾਰ ਦਵਾਈਆਂ ਖਿਲਾਫ ਲਗਾਤਾਰ ਕਾਰਵਾਈ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਕੇਵਲ ਰਜਿਸਟਰਡ ਡੀਲਰਾਂ ਪਾਸੋਂ ਹੀ ਕੀੜੇਮਾਰ ਦਵਾਈਆਂ ਖ੍ਰੀਦਣ ਲਈ ਅਪੀਲ ਕੀਤੀ।