ਚੰਡੀਗੜ੍ਹ:ਰਾਸ਼ਟਰੀ ਸੁਰੱਖਿਆ ਏਜੰਸੀ (NIA) ਨੇ ਗੈਂਗਸਟਰ ਅਤੇ ਖਾਲਿਸਤਾਨੀ ਗੱਠਜੋੜ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਐਨਸੀਆਰ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕਰੀਬ 51 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। NIA ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਡੀਲਰਾਂ ਵਿਚਕਾਰ ਗੱਠਜੋੜ ਨੂੰ ਖਤਮ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ। NIA ਦੀ ਇਹ ਕਾਰਵਾਈ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਹੈ।
ਪੰਜਾਬ 'ਚ 30 ਥਾਵਾਂ 'ਤੇ ਐਨਆਈਏ: ਐਨਆਈਏ ਦੀ ਟੀਮ ਪੰਜਾਬ ਵਿੱਚ ਵੱਧ ਤੋਂ ਵੱਧ 30 ਥਾਵਾਂ ’ਤੇ ਮੌਜੂਦ ਹੈ। ਇਸ ਦੇ ਨਾਲ ਹੀ ਰਾਜਸਥਾਨ ਵਿੱਚ 13, ਹਰਿਆਣਾ ਵਿੱਚ 4, ਉੱਤਰਾਖੰਡ ਵਿੱਚ 2, ਦਿੱਲੀ-ਐਨਸੀਆਰ ਅਤੇ ਯੂਪੀ ਵਿੱਚ 1-1 ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਦੇ ਸੂਤਰਾਂ ਮੁਤਾਬਕ ਵਿਦੇਸ਼ਾਂ 'ਚ ਬੈਠੇ ਖਾਲਿਸਤਾਨੀ ਅਤੇ ਗੈਂਗਸਟਰ ਹਵਾਲਾ ਚੈਨਲ ਰਾਹੀਂ ਭਾਰਤ 'ਚ ਬੈਠੇ ਆਪਣੇ ਕਰਿੰਦਿਆਂ ਨੂੰ ਨਸ਼ੇ ਅਤੇ ਹਥਿਆਰਾਂ ਦੀ ਫੰਡਿੰਗ ਕਰ ਰਹੇ ਹਨ। ਗੈਂਗਸਟਰ-ਖਾਲਿਸਤਾਨੀਆਂ ਦੀ ਇਸ ਫੰਡਿੰਗ ਚੇਨ ਨੂੰ ਖਤਮ ਕਰਨ ਲਈ NIA ਦੀ ਕਾਰਵਾਈ ਜਾਰੀ ਹੈ।
ਮੋਗਾ 'ਚ ਇੰਨ੍ਹਾਂ ਥਾਵਾਂ 'ਤੇ ਰੇਡ: ਮੋਗਾ ਦੀ ਗੱਲ ਕਰੀਏ ਤਾਂ ਪਿੰਡ ਤਖਤੂਪੁਰਾ ਵਿੱਚ ਇੱਕ ਸ਼ਰਾਬ ਦੇ ਠੇਕੇਦਾਰ ਦੇ ਘਰ NIA ਦੀ ਤੜਕਸਾਰ ਰੇਡ ਕੀਤੀ ਹੈ। ਸੂਤਰਾਂ ਦੀ ਮੰਨੀਏ ਤਾਂ ਗੈਂਗਸਟਰ ਅਰਸ਼ ਡਾਲਾ ਵੱਲੋਂ ਇਸ ਠੇਕੇਦਾਰ ਤੋਂ ਫਿਰੌਤੀ ਮੰਗੀ ਗਈ ਸੀ ਅਤੇ ਫਿਰੌਤੀ ਦੀ ਕੁੱਝ ਰਕਮ ਇਸ ਠੇਕੇਦਾਰ ਵਲੋਂ ਅਰਸ਼ ਡਾਲਾ ਨੂੰ ਦੇ ਦਿੱਤੀ ਗਈ ਸੀ। ਜਿਸ ਦੇ ਚੱਲਦਿਆਂ ਐਨਆਈਏ ਨੇ ਇਸ ਥਾਂ 'ਤੇ ਰੇਡ ਕੀਤੀ ਹੈ।
ਬਠਿੰਡਾ 'ਚ ਇੰਨ੍ਹਾਂ ਇਲਾਕਿਆਂ 'ਚ ਨੱਪੀ ਪੈੜ: ਇਸ ਤਰ੍ਹਾਂ ਬਠਿੰਡਾ ਦੀ ਗੱਲ ਕਰੀਏ ਤਾਂ ਐਨਆਈਏ ਨੇ ਬਠਿੰਡਾ ਦੇ ਕਸਬਾ ਮੌੜ ਮੰਡੀ ਨਾਲ ਸੰਬੰਧਿਤ ਪਿੰਡ ਜੇਠੂਕੇ ਵਿਖੇ ਗੁਰਪ੍ਰੀਤ ਸਿੰਘ ਉਰਫ ਗੁਰੀ ਦੇ ਘਰ ਰੇਡ ਕੀਤੀ ਹੈ। ਇਸ ਦੇ ਨਾਲ ਹੀ ਐਨਆਈਏ ਦੀ ਦੂਸਰੀ ਟੀਮ ਵਲੋਂ ਗੈਂਗਸਟਰ ਹੈਰੀ ਮੌੜ ਦੇ ਘਰ ਮੌੜ ਮੰਡੀ 'ਚ ਵੀ ਰੇਡ ਕੀਤੀ ਹੈ। ਦੱਸਿਆ ਜਾ ਰਿਹਾ ਕਿ ਗੈਂਗਸਟਰ ਹੈਰੌ ਮੌੜ ਖਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਹਾਲੇ ਹੋਰ ਜਾਣਕਾਰੀ ਆਉਣ ਦੀ ਉਡੀਕ ਹੈ।
ਬਰਨਾਲਾ 'ਚ ਕਈ ਥਾਵਾਂ 'ਤੇ ਮਾਰਿਆ ਛਾਪਾ: ਐੱਨਆਈਏ ਵੱਲੋਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਘੇੜਾ ਵਿੱਚ ਛਾਪਾ ਮਾਰਿਆ ਗਿਆ। ਐਨਆਈਏ ਦੀ ਟੀਮ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਰਸ਼ਨ ਸਿੰਘ ਦੇ ਘਰ ਪੁੱਜੀ ਸੀ, ਪਰ ਘਰ ਵਿੱਚ ਕੋਈ ਨਾ ਮਿਲਣ ਕਾਰਨ ਟੀਮ ਵਾਪਸ ਪਰਤ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਦਾ ਪਰਿਵਾਰ ਪਿਛਲੇ 8 ਸਾਲਾਂ ਤੋਂ ਪਿੰਡ ਵਿੱਚ ਨਹੀਂ ਰਹਿ ਰਿਹਾ ਹੈ ਅਤੇ ਸੰਗਰੂਰ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਚਲਾ ਗਿਆ ਹੈ। ਦੱਸ ਦਈਏ ਕਿ ਐੱਨਆਈਏ ਦੀ ਟੀਮ ਅੱਜ ਤੜਕੇ 3 ਵਜੇ ਦਰਸ਼ਨ ਸਿੰਘ ਦੇ ਪਰਿਵਾਰ ਦੀ ਜਾਂਚ ਲਈ ਪਹੁੰਚੀ ਸੀ, ਪਰ ਪਿੰਡ ਦਾ ਕੋਈ ਵਿਅਕਤੀ ਨਾ ਮਿਲਣ ਕਾਰਨ ਟੀਮ ਨੂੰ ਵਾਪਸ ਪਰਤਣਾ ਪਿਆ।