ਚੰਡੀਗੜ੍ਹ:ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੱਲੋਂ ਪੰਜਾਬ ਦੇ ਨਾਮੀ ਗੈਂਗਸਟਰਾਂ, ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ ਗੈਂਗਸਟਰਾ ਖਿਲਾਫ਼ ਦੋ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀਆਂ ਗਈਆਂ ਹਨ। ਇਨ੍ਹਾਂ ਚਾਰਜਸ਼ੀਟ ਵਿੱਚ 3 ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਤੇ 9 ਗੈਂਗਸਟਰ ਬੰਬੀਹਾ ਗੈਂਗ ਦੇ ਸ਼ਾਮਿਲ ਹਨ। ਇਹ ਚਾਰਜਸ਼ੀਟ ਕੁੱਲ 12 ਗੈਂਗਸਟਰਾਂ ਖਿਲਾਫ ਦਾਇਰ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਨਆਈਏ ਨੇ 21 ਤੇ 24 ਮਾਰਚ ਨੂੰ ਦੋਵਾਂ ਗੈਂਗਸਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇੱਕ ਸਬੰਧਤ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਨੇ ਬਹੁ-ਰਾਜੀ ਅੱਤਵਾਦੀ-ਗੈਂਗਸਟਰ ਗਠਜੋੜ ਮਾਮਲੇ ਵਿੱਚ ਸੱਤ ਅਪਰਾਧੀਆਂ ਨੂੰ ਭਗੌੜਾ ਘੋਸ਼ਿਤ ਕੀਤਾ, ਜਿਸ ਵਿੱਚ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ "ਪਾਬੰਦੀਸ਼ੁਦਾ ਅੱਤਵਾਦੀ" ਅਰਸ਼ਦੀਪ ਡਲਾ ਵੀ ਸ਼ਾਮਲ ਹਨ। ਐਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਏਜੰਸੀ ਨੇ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦਾ ਮੁੱਖ ਮੈਂਬਰ ਲਖਬੀਰ ਸਿੰਘ ਉਰਫ਼ ਲਾਂਡਾ ਸਮੇਤ ਬਿਸ਼ਨੋਈ ਗੈਂਗ ਦੇ ਤਿੰਨ ਮੈਂਬਰਾਂ ਅਤੇ ਬੰਬੀਹਾ ਗੈਂਗ ਦੇ ਨੌਂ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ।
ਇਸ ਦੇ ਨਾਲ ਹੀ ਐਨਆਈਏ ਨੇ ਪਿਛਲੇ ਸਾਲ 26 ਅਗਸਤ ਨੂੰ ਦਰਜ ਹੋਏ ਦੋਵਾਂ ਮਾਮਲਿਆਂ ਵਿੱਚ ਕੁੱਲ 33 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਲੰਡਾ ਤੋਂ ਇਲਾਵਾ ਦਲੀਪ ਕੁਮਾਰ ਬਿਸ਼ਨੋਈ ਉਰਫ਼ "ਭੋਲਾ" ਅਤੇ ਸੁਰਿੰਦਰ ਸਿੰਘ ਉਰਫ਼ "ਚੀਕੂ" ਖ਼ਿਲਾਫ਼ ਪਹਿਲੀ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਫਰਾਰ ਲੰਡਾ ਹਰਵਿੰਦਰ ਸਿੰਘ ਉਰਫ ਰਿੰਦਾ ਹੈ ਜੋ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਕਰੀਬੀ ਸਾਥੀ ਹੈ।
ਕੈਨੇਡਾ 'ਚ ਲੁਕਿਆ ਹੋਇਆ ਲਖਬੀਰ ਲੰਡਾ:ਲਖਬੀਰ ਸਿੰਘ ਲੰਡਾ ਇੱਕ ਭਗੌੜਾ ਗੈਂਗਸਟਰ ਹੈ, ਜੋ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਨਾਲ ਪਾਕਿਸਤਾਨ ਵਿੱਚ ਲੁਕੇ ਖਾਲਿਸਤਾਨੀ ਸਮਰਥਕ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਵੀ ਬਹੁਤ ਕਰੀਬੀ ਹੈ। ਲੰਡਾ ਕੈਨੇਡਾ ਵਿੱਚ ਲੁਕਿਆ ਹੋਇਆ ਹੈ ਅਤੇ ਉਥੋਂ ਬਿਸ਼ਨੋਈ ਗੈਂਗ ਲਈ ਦਹਿਸ਼ਤ ਅਤੇ ਗ਼ਲਤ ਕੰਮਾਂ ਨੂੰ ਅੰਜਾਮ ਦੇ ਰਿਹਾ ਹੈ। ਕੈਨੇਡਾ ਵਿੱਚ ਬੈਠਾ ਲੰਡਾ ਭਾਰਤ ਵਿੱਚ ਆਪਣੇ ਗੈਂਗ ਰਾਹੀਂ ਸਿਆਸਤਦਾਨਾਂ, ਖਿਡਾਰੀਆਂ ਅਤੇ ਪੰਜਾਬੀ ਸੰਗੀਤ ਨਾਲ ਜੁੜੇ ਲੋਕਾਂ ਨੂੰ ਧਮਕੀਆਂ ਦਿੰਦਾ ਹੈ ਅਤੇ ਕਤਲ ਕਰਵਾ ਦਿੰਦਾ ਹੈ। ਲੰਡਾ ਨੇ ਪਾਕਿਸਤਾਨ 'ਚ ਲੁਕੇ ਅੱਤਵਾਦੀ ਰਿੰਦਾ ਨਾਲ ਮਿਲ ਕੇ ਪੰਜਾਬ ਦੇ ਤਰਨਤਾਰਨ ਦੇ ਸਰਹਾਲੀ ਥਾਣੇ 'ਤੇ ਆਰਪੀਜੀ ਹਮਲਾ ਵੀ ਕੀਤਾ ਸੀ। ਲੰਡਾ ਅਤੇ ਰਿੰਦਾ ਨੇ ਹੀ ਹਮਲੇ ਲਈ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ।