ਪੰਜਾਬ ਵਿੱਚ ਨਵੀਂ ਖੇਡ ਨੀਤੀ ਦਾ ਐਲਾਨ ਚੰਡੀਗੜ੍ਹ:ਪੰਜਾਬ ਸਰਾਕਰ ਦੀ ਨਵੀਂ ਖੇਡ ਨੀਤੀ ਤਿਆਰ ਹੋ ਗਈ ਹੈ ਜਿਸ ਬਾਰੇ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੀ ਖੇਡਾਂ ਵਿੱਚ ਅਮੀਰ ਵਿਰਾਸਤ ਹੈ। ਪੰਜਾਬ ਨੇ ਦੇਸ਼ ਨੂੰ ਵੱਡੇ ਖਿਡਾਰੀ ਦਿੱਤੇ ਹਨ। ਸਾਲ 2001 ਤੱਕ ਪੰਜਾਬ ਨੈਸ਼ਨਲ ਖੇਡਾਂ ਵਿੱਚ ਪਹਿਲੇ ਨੰਬਰ 'ਤੇ ਸੀ ਅਤੇ ਫਿਰ ਹੌਲੀ-ਹੌਲੀ ਪਛੜਦਾ ਹੋਇਆ ਪਿਛਲੇ ਸਾਲ ਤੱਕ ਦਸਵੇਂ ਨੰਬਰ ਤੱਕ ਚਲਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦਾ ਸੁਫਨਾ ਸੰਜੋਇਆ ਗਿਆ ਹੈ। ਮੁੱਖ ਮੰਤਰੀ ਮਾਨ ਦੇ ਨਿਰਦੇਸ਼ਾਂ ਉਤੇ ਖੇਡ ਵਿਭਾਗ ਲਗਾਤਾਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਅਤੇ ਖੇਡਾਂ ਨਾਲ ਜੁੜੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਯਤਨ ਕਰ ਰਿਹਾ ਹੈ। ਇਸ ਹੀ ਤਹਿਤ ਪੰਜਾਬ ਦੇ ਖੇਡ ਮੰਤਰੀ ਵੱਲੋਂ ਨਵੀਂ ਖੇਡ ਨੀਤੀ ਦਾ ਐਲਾਨ ਕੀਤਾ ਗਿਆ ਹੈ।
ਖੇਡ ਵਿਭਾਗ ਵੱਲੋ ਬਣਾਈ ਗਈ ਨਵੀਂ ਖੇਡ ਨੀਤੀ :ਖੇਡ ਵਿਭਾਗ ਵੱਲੋਂ ਨਵੀਂ ਨੀਤੀ ਬਣਾਉਣ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਜਿਸ ਵਿੱਚ ਹਾਕੀ ਓਲੰਪੀਅਨ ਤੇ ਅਰਜੁਨ ਐਵਾਰਡੀ ਸੁਰਿੰਦਰ ਸਿੰਘ ਸੋਢੀ, ਦਰੋਣਾਚਾਰਿਆ ਐਵਾਰਡੀ ਤੇ ਸਾਬਕਾ ਚੀਫ ਕੋਚ ਬਾਕਸਿੰਗ,ਗੁਰਬਖ਼ਸ਼ ਸਿੰਘ ਸੰਧੂ, ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ,ਕਈ ਯੂਨੀਵਰਸਿਟੀਆਂ ਵਿੱਚ ਖੇਡ ਡਾਇਰੈਕਟਰ ਰਹਿ ਚੁੱਕੇ ਡਾ.ਰਾਜ ਕੁਮਾਰ ਸ਼ਰਮਾ ਅਤੇ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ ਜੇ.ਐਸ.ਚੀਮਾ ਤੋਂ ਇਲਾਵਾ, ਐਨ.ਆਈ.ਐਸ.ਸਾਈ. ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਦੇ ਖੇਡਾਂ ਨਾਲ ਸਬੰਧਤ ਨੁਮਾਇੰਦੇ ਸ਼ਾਮਲ ਕੀਤੇ ਗਏ। ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਜ਼ਿਲਾ ਖੇਡ ਅਫਸਰ ਦੀ ਸ਼ਮੂਲੀਅਤ ਤੋਂ ਬਿਨਾਂ ਆਮ ਲੋਕਾਂ ਤੋਂ ਸੁਝਾਅ ਲਏ ਗਏ। ਖੇਡ ਮੰਤਰੀ ਨੇ ਦੱਸਿਆ ਕਿ ਲੰਬੀਆਂ ਵਿਚਾਰਾਂ ਤੋਂ ਬਾਅਦ ਤਿਆਰ ਕੀਤੇ ਖਰੜੇ ਨੂੰ ਮੁੱਖ ਮੰਤਰੀ ਅਗਵਾਈ ਹੇਠਲੀ ਕੈਬਨਿਟ ਵੱਲੋਂ 29 ਜੁਲਾਈ ਨੂੰ ਪਾਸ ਕੀਤੀ ਗਈ। ਇਸ ਨੀਤੀ ਦਾ ਸਿਹਰਾ ਮੁੱਖ ਮੰਤਰੀ ਨੂੰ ਜਾਂਦਾ ਹੈ।
ਖੇਡ ਨੀਤੀ ਦੀਆਂ ਵਿਸ਼ੇਸ਼ਤਾਵਾਂ:ਨਵੀਂ ਖੇਡ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸਾਰੇ ਉਮਰ ਵਰਗਾਂ ਤੇ ਫਿਜ਼ੀਕਲ ਫਿਟਨੈਸ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਪੱਧਰ ਉਤੇ ਸਥਾਨਕ ਲੋੜਾਂ ਨੂੰ ਦੇਖਦਿਆਂ ਖੇਡ ਮੈਦਾਨ ਸਥਾਪਤ ਕੀਤੇ ਜਾਣਗੇ। ਕੁੱਲ ਬਜਟ ਦੀ 25 ਫੀਸਦੀ ਵਨ ਟਾਈਮ ਮੈਚਿੰਗ ਗਰਾਂਟ ਦੇਣ ਦੀ ਵਿਵਸਥਾ ਹੋਵੇਗੀ। ਢਾਈ ਕਿਲੋਮੀਟਰ ਲੰਬੇ ਦੋ ਮੀਟਰ ਜੌਗਿੰਗ/ਵਾਕਿੰਗ ਟਰੈਕ ਲਈ ਵਨ ਟਾਈਮ ਮੈਚਿੰਗ ਗਰਾਂਟ 40,000 ਰੁਪਏ ਪ੍ਰਤੀ ਕਿਲੋਮੀਟਰ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਖਿਡਾਰੀ ਦੀ ਸਮਰੱਥਾ ਪਰਖਣ ਲਈ ਬੈਟਰੀ ਟੈਸਟ ਹੋਵੇਗਾ। ਬਿਹਤਰ ਕੋਚਿੰਗ, ਖੇਡ ਸਮਾਨ ਅਤੇ ਰਿਫਰੈਸ਼ਮੈਂਟ ਵਾਲੀਆਂ ਕਲੱਸਟਰ ਪੱਧਰ ਦੀਆਂ 1000 ਖੇਡ ਨਰਸਰੀਆਂ ਸਥਾਪਤ ਕੀਤੀਆਂ ਜਾਣਗੀਆਂ ਜਿਨਾਂ ਵਿੱਚ 6-17 ਉਮਰ ਵਰਗ ਦੇ 60,000 ਬੱਚੇ ਆਉਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਹਰ ਬੱਚੇ ਨੂੰ 4-5 ਕਿਲੋਮੀਟਰ ਦੇ ਦਾਇਰੇ ਵਿੱਚ ਖੇਡ ਮੈਦਾਨ ਮੁਹੱਈਆ ਕਰਨ ਦਾ ਟੀਚਾ ਹੈ। 25 ਲੱਖ ਰੁਪਏ ਪ੍ਰਤੀ ਨਰਸਰੀ ਦੇ ਹਿਸਾਬ ਨਾਲ ਇਸ ਦਾ ਕੁੱਲ 250 ਕਰੋੜ ਰੁਪਏ ਬਜਟ ਹੋਵੇਗਾ। ਕੌਮੀ ਪੱਧਰ ਦੇ ਮੁਕਾਬਲਿਆਂ ਲਈ ਖਿਡਾਰੀਆਂ ਨੂੰ ਤਿਆਰ ਕਰਨ ਲਈ ਹਰ ਜ਼ਿਲੇ ਵਿੱਚ 200 ਖਿਡਾਰੀਆਂ ਦੇ ਸਪੋਰਟਸ ਹੋਸਟਲਾਂ ਵਾਲਾ ਜ਼ਿਲ੍ਹਾ ਖੇਡ ਢਾਂਚਾ ਉਸਾਰਿਆ ਜਾਣਾ ਹੈ। ਸੂਬੇ ਭਰ ਵਿੱਚ ਕੁੱਲ 5000 ਖਿਡਾਰੀਆਂ ਦੀ ਸਮਰੱਥਾ ਹੋਵੇਗਾ ਜਿਸ ਦਾ 250 ਕਰੋੜ ਰੁਪਏ ਬਜਟ ਬਣਦਾ ਹੈ। ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਸਟੇਟ ਲੈਵਲ ਦੇ ਸੈਂਟਰ ਸਥਾਪਤ ਕਰਨੇ ਹਨ। ਜਲੰਧਰ,ਮਾਹਲਪੁਰ ਤੋਂ ਇਲਾਵਾ ਮੁਹਾਲੀ,ਪਟਿਆਲਾ,ਲੁਧਿਾਣਾ,ਬਠਿੰਡਾ ਤੇ ਅੰਮ੍ਰਿਤਸਰ ਜ਼ਿਲ੍ਹਾ ਪੱਧਰੀ ਢਾਂਚੇ ਨੂੰ ਸਟੇਟ ਪੱਧਰ ਤੱਕ ਅੱਪਗ੍ਰੇਡ ਕਰਨਾ ਹੈ।
ਨਾਮੀਂ ਖਿਡਾਰੀਆਂ ਲਈ ਨੌਕਰੀਆਂ:ਖੇਡ ਨੀਤੀ 'ਚ ਪਹਿਲੀ ਵਾਰ ਨਾਮੀ ਖਿਡਾਰੀਆਂ ਨੂੰ ਨੌਕਰੀਆਂ ਦੀ ਤਜਵੀਜ਼ ਰੱਖੀ ਗਈ ਹੈ। ਜਿਸ ਵਿਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਖਿਡਾਰੀਆਂ ਦੀ ਭਰਤੀ ਲਈ ਕਾਡਰ ਸਥਾਪਤ ਕਰਨ ਦੀ ਪ੍ਰਵਾਨਗੀ। ਕੁੱਲ 500 ਪੋਸਟਾਂ ਦੀ ਵਿਵਸਥਾ ਜਿਨਾਂ ਵਿੱਚ 40 ਡਿਪਟੀ ਡਾਇਰੈਕਟਰ, 92 ਸੀਨੀਅਰ ਕੋਚ, 138 ਕੋਚ ਤੇ 230 ਜੂਨੀਅਰ ਕੋਚ ਸ਼ਾਮਲ ਹਨ। ਜਿਵੇਂ ਕਿ ਕਿਸੇ ਵੀ ਓਲੰਪਿਕ ਮੈਡਲ ਜਾਂ ਏਸ਼ੀਅਨ ਗੋਲਡ ਲਈ ਸਿੱਧੀ ਗਰੁੱਪ ਏ ਡਿਪਟੀ ਡਾਇਰੈਕਟਰ ਦੀ ਨੌਕਰੀ ਦੇਣੀ। ਖਿਡਾਰੀਆਂ ਨੂੰ ਮੈਡਲ ਲਈ ਤਿਆਰ ਕਰਨ ਵਾਸਤੇ ਕੌਮਾਂਤਰੀ ਮੁਕਾਬਲਿਆਂ ਲਈ ਕੁਆਲੀਫਾਈ ਹੋਣ 'ਤੇ ਪਹਿਲੀ ਵਾਰ ਨਗਦ ਇਨਾਮ ਰਾਸ਼ੀ ਦੇਣ ਦੀ ਵਿਵਸਥਾ ਕੀਤੀ ਗਈ ਹੈ।
ਓਲੰਪਿਕ ਖੇਡਾਂ ਤੇ ਪੈਰਾਲੰਪਿਕਸ ਲਈ 15 ਲੱਖ ਰੁਪਏ:ਡੈਫਲੰਪਿਕਸ, ਸਪੈਸ਼ਲ ਓਲੰਪਿਕਸ, ਵਿਸ਼ਵ ਚੈਂਪੀਅਨਸ਼ਿਪ ਤੇ ਵਿਸ਼ਵ ਕੱਪ (ਚਾਰ ਸਾਲਾਂ), ਏਸ਼ੀਅਨ ਗੇਮਜ਼, ਪੈਰਾ ਏਸ਼ੀਅਨ ਤੇ ਡੈਫ ਏਸੀਅਨ ਗੇਮਜ਼, ਕਾਮਨਵੈਲਥ, ਪੈਰਾ ਤੇ ਡੈਫ ਕਾਮਨਵੈਲਥ ਗੇਮਜ਼, ਚਾਰ ਸਾਲਾਂ ਬਾਅਦ ਹੋਣ ਵਾਲੀਆਂ ਵਿਸ਼ਵ ਗੇਮਜ਼ ਲਈ 8-8 ਲੱਖ ਰੁਪਏ, ਓਲੰਪਿਕ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਮੈਡਲ ਜੇਤੂਆਂ ਨੂੰ ਪਹਿਲਾਂ 2.25 ਕਰੋੜ, ਡੇਢ ਕਰੋੜ ਰੁਪਏ ਤੇ ਇਕ ਕਰੋੜ ਰੁਪਏ ਦੇਣ ਦੀ ਪਾਲਿਸੀ ਸੀ ਜੋ ਕਿ ਹੁਣ ਵਧਾ ਕੇ ਕ੍ਰਮਵਾਰ 3 ਕਰੋੜ, 2 ਕਰੋੜ ਤੇ ਇਕ ਕਰੋੜ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੁਣ ਹੋਰ ਨਵੇਂ ਖੇਡ ਮੁਕਾਬਲੇ ਵੀ ਨਗਦ ਇਨਾਮ ਲਈ ਸ਼ਾਮਲ ਕੀਤੇ ਹਨ।
ਬਲਬੀਰ ਸਿੰਘ ਸੀਨੀਅਰ ਕੋਚ ਐਵਾਰਡ:ਕੋਚਾਂ ਨੂੰ ਕੌਮੀ ਪੱਧਰ ਦੇ ਦਰੋਣਾਚਾਰੀਆ ਐਵਾਰਡ ਦੀ ਤਰਜ਼ ਉਤੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੋਚ ਐਵਾਰਡ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਵਿੱਚ 5 ਲੱਖ ਰੁਪਏ ਇਨਾਮ ਰਾਸ਼ੀ, ਟਰਾਫੀ ਤੇ ਬਲੇਜ਼ਰ ਸ਼ਾਮਲ ਹੋਵੇਗਾ।
ਮਿਲਖਾ ਸਿੰਘ ਸਪੋਰਟਸ ਪ੍ਰਮੋਸ਼ਨ ਐਵਾਰਡ:ਖੇਡਾਂ ਨੂੰ ਪ੍ਰਮੋਟ ਕਰਨ ਵਾਲੀ ਕੋਈ ਵੀ ਨਿੱਜੀ ਸੰਸਥਾ ਜਾਂ ਵਿਅਕਤੀ ਲਈ ਮਿਲਖਾ ਸਿੰਘ ਐਵਾਰਡ ਫਾਰ ਸਪੋਰਟਸ ਪ੍ਰਮੋਟਰਜ਼/ਆਰਗੇਨਾਈਜੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਸਾਲ ਵਿੱਚ ਦੋ ਜਣਿਆਂ ਨੂੰ ਐਵਾਰਡ ਦਿੱਤਾ ਜਾਵੇਗਾ। ਇਨਾਮ ਰਾਸ਼ੀ ਵਿੱਚ 5 ਲੱਖ ਰੁਪਏ, ਮਮੈਂਟੋ, ਬਲੇਜ਼ਰ ਤੇ ਸਨਮਾਨ ਪੱਤਰ ਸ਼ਾਮਲ ਹੋਵੇਗਾ। (ਪ੍ਰੈੱਸ ਨੋਟ)