ਮੋਹਾਲੀ : ਪੰਜਾਬ ਸਕੂਲ ਸਿੱਖਿਆ ਵਿਭਾਗ (pseb) ਨੇ ਇਸ ਸਾਲ ਸਰਕਾਰੀ ਸਕੂਲਾਂ 'ਚ ਦਾਖ਼ਲੇ ਵਧਾਉਣ ਲਈ ਸਕੂਲਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਸ ਤੋਂ ਬਾਅਦ ਸਕੂਲਾਂ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਭਾਵੇਂ ਸਕੂਲਾਂ ਨੇ ਪਹਿਲਾਂ ਆਪਣੇ ਪੱਧਰ ’ਤੇ ਦਾਖ਼ਲੇ ਸ਼ੁਰੂ ਕਰ ਦਿੱਤੇ ਸਨ ਪਰ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ।
ਵਿਭਾਗ ਨੇ ਸੈਸ਼ਨ 2022-23 ਲਈ 'ਈਚ ਵਨ ਬ੍ਰਿੰਗ ਵਨ' ਮੁਹਿੰਮ ਤਹਿਤ ਦਾਖ਼ਲੇ ਸ਼ੁਰੂ ਕਰ ਦਿੱਤੇ ਹਨ। ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਦਾਖ਼ਲੇ 'ਚ 14 ਫੀਸਦੀ ਦਾ ਵਾਧਾ ਹੋਇਆ ਸੀ।
ਸਿੱਖਿਆ ਵਿਭਾਗ ਨੇ ਐਨਰੋਲਮੈਂਟ ਬੂਸਟਰ ਟੀਮਜ਼ ਤਹਿਤ ਟੀਮਾਂ ਦਾ ਗਠਨ ਕੀਤਾ ਹੈ ਜੋ ਰਾਜ, ਜ਼ਿਲ੍ਹਾ ਤੇ ਬਲਾਕ ਪੱਧਰ 'ਤੇ ਕੰਮ ਕਰਨਗੀਆਂ। ਇਨ੍ਹਾਂ ਟੀਮਾਂ 'ਚ ਸਟੇਟ ਕੋਆਰਡੀਨੇਟਰ, ਡਿਪਟੀ ਸਟੇਟ ਕੋਆਰਡੀਨੇਟਰ ਹੋਣਗੇ। ਜ਼ਿਲ੍ਹਾ ਪੱਧਰ 'ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੋਡਲ ਅਫ਼ਸਰ, ਡਾਈਟ ਪ੍ਰਿੰਸੀਪਲ, ਜ਼ਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।
ਸਕੂਲਾਂ ਦੀਆਂ ਵਿਸ਼ੇਸਤਾਵਾਂ ਦੀ ਮਸ਼ਹੂਰੀ
ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਪੋਸਟਰ, ਵੀਡੀਓ, ਲਘੂ ਫ਼ਿਲਮਾਂ, ਦਾਖ਼ਲਾ ਥੀਮ ਗੀਤ ਤਿਆਰ ਕਰ ਕੇ ਵਿਦਿਆਰਥੀਆਂ, ਮਾਪਿਆਂ, ਸੰਸਥਾਵਾਂ ਦੇ ਵਟਸਐਪ ਗਰੁੱਪਾਂ 'ਚ ਸਾਂਝੇ ਕਰਨ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੀ ਇਸ ਦਾ ਪ੍ਰਚਾਰ ਕਰਨ।