ਚੰਡੀਗੜ੍ਹ: ਅਪ੍ਰੈਲ ਦਾ ਮਹੀਨਾ ਵਿਦਿਆਰਥੀ ਵਰਗ ਅਤੇ ਮਾਪਿਆਂ ਲਈ ਇੱਕ ਵੱਖਰੀ ਮਹੱਤਤਾ ਰੱਖਦਾ ਹੈ। ਇਸ ਮਹੀਨੇ 'ਚ ਵਿਦਿਆਰਥੀਆਂ ਦੇ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੁੰਦੀ ਹੈ। ਪਰ ਕੋਵਿਡ-19 ਮਹਾਂਮਾਰੀ ਕਾਰਨ ਜ਼ਿੰਦਗੀ ਇੱਕ ਥਾਂ ਖੜ੍ਹ ਗਈ ਲੱਗਦੀ ਹੈ। ਪੂਰੇ ਦੇਸ਼ 'ਚ ਕੋਰੋਨਾ ਕਾਰਨ ਜਿੱਥੇ ਲੌਕਡਾਊਨ ਲੱਗਿਆ ਹੈ ਉੱਥੇ ਸੂਬੇ 'ਚ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਦਿਸ ਕਾਰਨ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹਨ ਅਤੇ ਪ੍ਰੀਖਿਆਵਾਂ ਨੂੰ ਵੀ ਮੁਲਤਵੀ ਜਾਂ ਰੱਦ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ 'ਚ ਵਿਦਿਆਰਥੀ ਵਰਗ ਮਾਨਸਿਕ ਪਰੇਸ਼ਾਨੀ ਅਤੇ ਤਨਾਅ ਤੋਂ ਗੁਜ਼ਰ ਰਿਹਾ ਹੈ।
ਵਿਦਿਆਰਥੀਆਂ ਨੂੰ ਮਾਨਸਿਕ ਤਨਾਅ ਤੋਂ ਦੂਰ ਰੱਖਣ ਅਤੇ ਸਮੱਸਿਆਵਾਂ ਦੇ ਹਲ ਲਈ ਐਨਸੀਈਆਰਟੀ ਵੱਲੋਂ ਵਿਦਿਆਰਥੀਆਂ ਦੀ ਕਾਊਂਸਲਿੰਗ ਲਈ ਹਰ ਖੇਤਰ 'ਚ ਇੱਕ ਕਾਉਂਸਲਰ ਨਿਯੁਕਤ ਕੀਤਾ ਗਿਆ ਹੈ। ਚੰਡੀਗੜ੍ਹ 'ਚ ਨਿਯੁਕਤ ਕਾਊਂਸਲਰ ਨੀਰੂ ਅੱਤਰੀ ਨਾਲ ਈਟੀਵੀ ਭਾਰਤ ਦੀ ਟੀਮ ਨੇ ਖ਼ਾਸ ਗੱਲਬਾਤ ਕੀਤੀ, ਜਿਸ 'ਚ ਨੀਰੂ ਅੱਤਰੀ ਨੇ ਵਿਦਿਆਰਥੀਆਂ ਨੂੰ ਤਨਾਅ ਮੁਕਤ ਰਹਿਣ ਦੇ ਕਈ ਸੁਝਾਅ ਦਿੱਤੇ ਹਨ।