ਚੰਡੀਗੜ੍ਹ:ਪੰਜਾਬ ਦੇ ਦਿੱਗਜ ਸਿਆਸਤਦਾਨ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅੱਜ-ਕੱਲ੍ਹ ਕੈਂਸਰ ਨਾਲ ਜੂਝ ਰਹੀ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ। ਉਨ੍ਹਾਂ ਦੀ ਪਤਨੀ ਦਾ ਇਲਾਜ ਡਾਕਟਰਾਂ ਵੱਲੋਂ ਕੀਮੋ ਥੇਰੈਪੀ ਨਾਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹੋਈ ਪੰਜਵੀਂ ਥੈਰੇਪੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪਤਨੀ ਲਈ ਭਾਵੁਕ ਪੋਸਟ ਟਵਿੱਟਰ ਰਾਹੀਂ ਸਾਂਝੀ ਕੀਤੀ ਹੈ।
ਨਵਜੋਤ ਸਿੱਧੂ ਦੀ ਭਾਵੁਕ ਪੋਸਟ ਆਈ ਸਾਹਮਣੇ: ਨਵਜੋਤ ਸਿੱਧੂ ਨੇ ਆਪਣੀ ਪਤਨੀ ਨਾਲ ਤਸਵੀਰ ਸਾਂਝੀ ਕਰਦਿਆਂ ਟਵੀਟ ਰਾਹੀਂ ਲਿਖਿਆ ਕਿ,'ਜ਼ਖਮ ਤਾਂ ਠੀਕ ਹੋ ਗਏ ਹਨ ਪਰ ਇਸ ਮੁਸੀਬਤ ਦੇ ਮਾਨਸਿਕ ਜ਼ਖ਼ਮ ਰਹਿਣਗੇ। ਪੰਜਵਾਂ ਕੀਮੋ ਚੱਲ ਰਿਹਾ ਹੈ.. ਚੰਗੀ ਨਾੜੀ ਲੱਭਣਾ ਕੁਝ ਸਮੇਂ ਲਈ ਵਿਅਰਥ ਗਿਆ ਅਤੇ ਫਿਰ ਡਾਕਟਰ ਰੁਪਿੰਦਰ ਦੀ ਮੁਹਾਰਤ ਕੰਮ ਆਈ….. ਉਸ ਨੇ ਆਪਣੀ ਬਾਂਹ ਨੂੰ ਹਿਲਾਉਣ ਤੋਂ ਇਨਕਾਰ ਕਰ ਦਿੱਤਾ ਇਸ ਲਈ ਚਮਚੇ ਨੇ ਉਸ ਨੂੰ ਖੁਆ ਦਿੱਤਾ….ਆਖਰੀ ਕੀਮੋ ਤੋਂ ਬਾਅਦ ਭਾਰੀ ਨਾੜੀ ਪ੍ਰਤੀਕ੍ਰਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ….. ਗਰਮੀ ਅਤੇ ਬਹੁਤ ਜ਼ਿਆਦਾ ਨਮੀ ਦੁਆਰਾ ਥਕਾਵਟ… ਉਸ ਨੂੰ ਦਿਲਾਸੇ ਲਈ ਮਨਾਲੀ ਲੈ ਜਾਣ ਦਾ ਸਮਾਂ', !
ਦੱਸ ਦਈਏ ਪਤਨੀ ਨੂੰ ਠੀਕ ਕਰਨ ਲਈ ਅਤੇ ਮਾਨਸਿਕ ਹਾਲਤ ਨੂੰ ਵਧੀਆ ਰੱਖਣ ਲਈ ਬੀਤੇ ਦਿਨੀ ਵੀ ਨਵਜੋਤ ਸਿੱਧੂ ਅਤੇ ਪਤਨੀ ਪੂਰੇ ਪਰਿਵਾਰ ਨਾਲ ਪਾਲਮਪੁਰ ਪਹੁੰਚੇ ਸਨ। ਜਿੱਥੇ ਨਵਜੋਤ ਸਿੱਧੂ ਨੇ ਪਤਨੀ ਡਾਕਟਰ ਨਵਜੋਤ ਕੌਰ ਅਤੇ ਆਪਣੇ ਦੋਸਤਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਨਵਜੋਤ ਸਿੱਧੂ ਨੇ ਤਸਵੀਰਾਂ ਸਾਂਝੀਆਂ ਕਰਨ ਦੇ ਨਾਲ ਉਸ ਸਮਾਂ ਲਿਖਿਆ ਸੀ - ਜੀਵਨ ਦੀ ਰੋਸ਼ਨੀ ਦੇਖਣ ਲਈ ਲੱਖਾਂ ਡਾਲਰ ਖਰਚ ਕਰਨੇ ਪੈਂਦੇ ਹਨ..ਤਾਜ਼ੀ ਹਵਾ, ਸਾਫ਼ ਝਰਨੇ ਦਾ ਪਾਣੀ, ਜ਼ਹਿਰਾਂ ਤੋਂ ਮੁਕਤ ਸਬਜ਼ੀਆਂ..ਪਾਲਮਪੁਰ ਦੇ ਚਾਹ ਦੇ ਬਾਗਾਂ ਵਿੱਚ..ਅਨੰਦਮਈ!! ਈ ਸਕੈਪਸ਼ਨ ਵਿਚ ਉਹਨਾਂ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ।
ਪੂਰੇ ਪਰਿਵਾਰ ਦੀ ਕੋਸ਼ਿਸ਼: ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਕੈਂਸਰ ਦੇ ਦੂਜੇ ਪੜਾਅ 'ਚ ਹਨ। ਜਦੋਂ ਉਨ੍ਹਾਂ ਨੂੰ ਇਸ ਬਿਮਾਰੀ ਦਾ ਪਤਾ ਲੱਗਿਆ ਤਾਂ ਉਸ ਵੇਲੇ ਨਵਜੋਤ ਸਿੱਧੂ ਰੋਡ ਰੇਜ ਕੇਸ 'ਚ ਸਜ਼ਾ ਭੁਗਤ ਰਹੇ ਸਨ। ਸਿੱਧੂ ਦੀ ਰਿਹਾਈ ਤੋਂ ਇੱਕ ਹਫ਼ਤਾ ਪਹਿਲਾਂ ਡਾਕਟਰ ਨਵਜੋਤ ਕੌਰ ਨੇ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਆਪਰੇਸ਼ਨ ਕਰਵਾਇਆ ਸੀ। ਫਿਰ ਉਸ ਨੇ ਵੀ ਪੋਸਟ ਪਾ ਕੇ ਲਿਖਿਆ ਸੀ ਕਿ ਉਹ ਸਿੱਧੂ ਦੀ ਰਿਹਾਈ ਦਾ ਇੰਤਜ਼ਾਰ ਨਹੀਂ ਕਰ ਸਕਦੀ। ਜ਼ਿਕਰਯੋਗ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਦਾ ਦਰਦ ਘੱਟ ਕਰਨ ਲਈ ਦਵਾਈਆਂ ਅਤੇ ਕੀਮੋਥੈਰੇਪੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੂਰਾ ਪਰਿਵਾਰ ਵੀ ਨਵਜੋਤ ਕੌਰ ਸਿੱਧੂ ਨੂੰ ਇਸ ਵੇਲੇ ਇਕੱਠੇ ਰਹਿ ਕੇ ਦਰਦ ਤੋਂ ਉਭਾਰਨ ਦੀ ਕੋਸ਼ਿਸ਼ ਵਿੱਚ ਹੈ।