ਚੰਡੀਗੜ੍ਹ: ਖੇਤੀ ਬਿੱਲਾਂ ਦੇ ਵਿਰੋਧ 'ਚ ਜਿੱਥੇ ਇੱਕ ਪਾਸੇ ਪੰਜਾਬ, ਹਰਿਆਣਾ ਅਤੇ ਕਈ ਹੋਰ ਥਾਵਾਂ 'ਤੇ ਕਿਸਾਨਾਂ ਦੇ ਧਰਨੇ ਜਾਰੀ ਹਨ ਅਤੇ 30 ਕਿਸਾਨ ਜਥੇਬੰਦੀਆਂ ਨੇ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ, ਉੱਥੇ ਹੀ ਹੁਣ ਕਈ ਸਮੇਂ ਤੋਂ ਚੁੱਪ ਬੈਠੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਵੀ ਧਰਨੇ 'ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ।
ਹੁਣ ਸਾਡੀ ਅਣਖ਼ ਦਾ ਸਵਾਲ, ਖੇਤੀ ਬਿੱਲਾਂ ਖਿਲਾਫ਼ ਮੈਦਾਨ 'ਚ ਉਤਰਨਗੇ ਨਵਜੋਤ ਸਿੱਧੂ - Navjot Sidhu protest
ਲੰਮੇ ਸਮੇਂ ਤੋਂ ਘਰ ਬੈਠੇ ਨਵਜੋਤ ਸਿੱਧੂ ਹੁਣ ਕਿਸਾਨਾਂ ਲਈ ਮੈਦਾਨ 'ਚ ਉੱਤਰ ਰਹੇ ਹਨ। ਨਵੇਂ ਖੇਤੀ ਬਿੱਲਾਂ ਖਿਲਾਫ ਸਿੱਧੂ ਨੇ ਬੁੱਧਵਾਰ 23 ਸਤੰਬਰ ਨੂੰ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਨਵਜੋਤ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ਜਿੱਤੇਗਾ ਪੰਜਾਬ 'ਤੇ ਇੱਕ ਵੀਡੀਓ ਜਾਰੀ ਕਰਕੇ ਇਨ੍ਹਾਂ ਖੇਤੀ ਬਿੱਲਾਂ ਦੇ ਵਿਰੋਧ 'ਚ ਸਾਰੀਆਂ ਪਾਰਟੀਆਂ ਨੂੰ ਇੱਕ ਹੋਣ ਦੀ ਅਪੀਲ ਕੀਤੀ ਅਤੇ ਸਿੱਧੂ ਨੇ ਇਨ੍ਹਾਂ ਕਾਨੂੰਨਾਂ ਨੂੰ ਕਾਲਾ ਕਾਨੂੰਨ ਦੱਸਿਆ। ਸਿੱਧੂ ਨੇ ਕਿਹਾ ਕਿ ਜੇ ਕਿਸਾਨ ਨਾ ਰਿਹਾ ਤਾਂ ਲੱਭਣਾ ਕੋਈ ਵੀ ਨਹੀਂ, ਇਸ ਕਰਕੇ ਇਸ ਇਨਕਲਾਬ ਨੂੰ ਹੁਲਾਰਾ ਦੇਣ ਦੀ ਲੋੜ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਦਾ ਰੁੱਖ ਕਰਨਾ ਚਾਹੀਦਾ ਹੈ। ਇਸ ਦੇ ਨਾਲ ਸਿੱਧੂ ਨੇ ਬੁੱਧਵਾਰ 23 ਸਤੰਬਰ ਨੂੰ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਸਾਢੇ 11 ਵਜੇ ਧਰਨਾ ਦੇਣ ਦਾ ਐਲਾਨ ਕੀਤਾ।