ਚੰਡੀਗੜ੍ਹ:I.N.D.I.A. ਗੱਠਜੋੜ ਨੂੰ ਲੈ ਕੇ ਪੰਜਾਬ ਵਿੱਚ ਲਗਾਤਾਰ ਤਕਰਾਰ ਵਧਦੀ ਜਾ ਰਹੀ ਹੈ ਤੇ ਗੱਠਜੋੜ ਦੀ ਭਾਈਵਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚਾਲੇ ਸ਼ਬਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਬੀਤੇ ਦਿਨ ਮੁੱਖ ਮੰਤਰੀ ਮਾਨ ਵੱਲੋਂ ਕਾਂਗਰਸ ਉੱਤੇ ਸਾਧੇ ਗਏ ਨਿਸ਼ਾਨੇ ਦਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਠੋਕਵਾਂ ਜਵਾਬ ਦਿੱਤਾ ਹੈ।
ਰੋਕ ਸਕਦੇ ਹੋ ਤਾਂ ਰੋਕ ਲਓ:ਮੁੱਖ ਮੰਤਰੀ ਮਾਨ ਨੂੰ ਜਵਾਬ ਦਿੰਦੇ ਹੋਏ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਥੋਥਾ ਚਨਾ ਬਾਜੇ ਘਨਾ। ਸ਼ਰਮ ਕਰੋ, ਕਾਂਗਰਸ ਪਹਿਲਾਂ ਵੀ ਸੀ ਅਤੇ ਹਮੇਸ਼ਾ ਰਹੇਗੀ। ਸਿੱਧੂ ਨੇ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਰੋਕ ਲਓ। ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਦਾ ਮੁੱਖ ਮੰਤਰੀ ਕਹਿੰਦੇ ਹੋ। ਤੁਹਾਡੀ ਨੈਸ਼ਨਲ ਪਾਰਟੀ ਜਿਸ ਕੋਲ ਲੋਕ ਸਭਾ ਵਿੱਚ ਇੱਕ ਸੀਟ ਹੈ। ਉਸ ਨੇ ਵੀ ਕਾਂਗਰਸ ਤੋਂ ਕਰਜ਼ਾ ਮੰਗਿਆ ਸੀ।
‘ਆਪ’ ਨੂੰ ਕਿਸ ਚੀਜ਼ ਦਾ ਹੰਕਾਰ: ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਕਿਸ ਗੱਲ ਦਾ ਹੰਕਾਰ ਕਰ ਰਹੇ ਹਨ ? ਪਿਛਲੀਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ 5 ਕਰੋੜ ਵੋਟਾਂ ਮਿਲੀਆਂ ਹਨ। ਇਹ ਭਾਜਪਾ ਨਾਲੋਂ 10 ਲੱਖ ਵੱਧ ਹੈ। ਇਨ੍ਹਾਂ 5 ਸੂਬਿਆਂ 'ਚੋਂ ਆਮ ਆਦਮੀ ਪਾਰਟੀ ਨੇ 3 ਸੂਬਿਆਂ 'ਚ ਚੋਣਾਂ ਲੜੀਆਂ ਸਨ। ਇਸ ਦੇ ਨਾਲ ਹੀ 'ਆਪ' ਪਾਰਟੀ ਨੂੰ ਇਨ੍ਹਾਂ ਚੋਣਾਂ 'ਚ ਅੱਧਾ ਫੀਸਦੀ ਵੀ ਵੋਟਾਂ ਨਹੀਂ ਮਿਲੀਆਂ ਹਨ।
ਕਾਂਗਰਸ ਆਗੂ ਖੇੜਾ ਨੇ ਵੀ ਦਿੱਤਾ ਸੀ ਜਵਾਬ:ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਲੈਕੇ ਬੀਤੇ ਦਿਨੀਂ ਕਾਂਗਰਸ ਆਗੂ ਪਵਨ ਖੇੜਾ ਵਲੋਂ ਵੀ ਮੋੜਵਾਂ ਜਵਾਬ ਦਿੱਤਾ ਗਿਆ ਸੀ। ਜਿਸ 'ਚ ਐਕਸ 'ਤੇ ਟਵੀਟ ਕਰਦਿਆਂ ਪਵਨ ਖੇੜਾ ਨੇ ਲਿਖਿਆ ਸੀ ਕਿ 'ਆਪ' ਅਤੇ ਪ੍ਰਧਾਨ ਮੰਤਰੀ ਦੇ ਵਿਚਾਰ ਕਿੰਨੇ ਮਿਲਦੇ ਹਨ! ਇਹ ਦੋਵੇਂ ਕਾਂਗਰਸ ਮੁਕਤ ਭਾਰਤ ਦਾ ਸੁਫ਼ਨਾ ਦੇਖਦੇ ਹਨ। ਦੋਵੇਂ ਮੂੰਹ ਦੀ ਖਾਣਗੇ। ਵੈਸੇ, ਇੱਕ ਭੋਜਪੁਰੀ ਫਿਲਮ ਦਾ ਨਾਮ ਹੈ ’ਏਕ ਥਾ ਜੋਕਰ' ਹੈ। ਤੁਸੀਂ ਤਾਂ ਦੇਖੀ ਹੋਵੇਗੀ ?
ਮੁੱਖ ਮੰਤਰੀ ਮਾਨ ਨੇ ਕੱਸਿਆ ਸੀ ਤੰਜ਼: ਦੱਸ ਦਈਏ ਕਿ ਨਵੇਂ ਸਾਲ ਦੇ ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਂਗਰਸ 'ਤੇ ਤੰਜ਼ ਕੱਸਦੇ ਹੋਏ ਕਿਹਾ ਸੀ ਕਿ ਜੇਕਰ ਕੋਈ ਮਾਂ ਆਪਣੇ ਬੱਚੇ ਨੂੰ ਦੁਨੀਆਂ ਦੀ ਸਭ ਤੋਂ ਛੋਟੀ ਕਹਾਣੀ ਸੁਣਾਵੇ ਤਾਂ ਉਹ ਕਹੇਗੀ ਕਿ ‘ਏਕ ਥੀ ਕਾਂਗਰਸ’।