ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਕਸਰ ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿੰਦੇ ਹਨ। ਜਿਸ 'ਚ ਹੁਣ ਕੌਮੀ ਪੱਧਰ 'ਤੇ ਹੋਏ ਇੰਡੀਆ ਅਲਾਇੰਸ ਨੂੰ ਲੈਕੇ ਨਵਜੋਤ ਸਿੱਧੂ ਵਲੋਂ ਦਿੱਤਾ ਬਿਆਨ ਇੱਕ ਵਾਰ ਫਿਰ ਚਰਚਾ 'ਚ ਹੈ, ਜਿਥੇ ਉਹ ਪੰਜਾਬ ਕਾਂਗਰਸ ਤੋਂ ਇੱਕ ਵਾਰ ਫਿਰ ਵੱਖ ਰਾਹ 'ਤੇ ਜਾਂਦੇ ਦਿਖਾਈ ਦੇ ਰਹੇ ਹਨ। ਜਿਸ 'ਚ ਨਵਜੋਤ ਸਿੱਧੂ ਵਲੋਂ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ 'ਤੇ ਸਹਿਮਤੀ ਪ੍ਰਗਟ (Navjot Sidhu agree on INDIA alliance ) ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਫੈਸਲਾ ਸਰਵਉੱਚ ਹੈ। ਲੋਕਤੰਤਰ ਨੂੰ ਬਚਾਉਣ ਲਈ ਸਾਨੂੰ ਸਵਾਰਥ ਦੀ ਰਾਜਨੀਤੀ ਨੂੰ ਤਿਆਗਣਾ ਪਵੇਗਾ।
ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ: ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਆਪ' ਨਾਲ ਮਿਲ ਕੇ ਲੜਨ ਲਈ ਹਾਮੀ ਨਹੀਂ ਭਰੀ ਹੈ, ਪਰ ਨਵਜੋਤ ਸਿੱਧੂ ਨੇ ਇਸ ਮਾਮਲੇ 'ਤੇ ਟਵੀਟ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ। ਪਾਰਟੀ ਹਾਈਕਮਾਂਡ ਦਾ ਇਹ ਫੈਸਲਾ ਵੱਡੇ ਉਦੇਸ਼ ਲਈ ਹੈ। ਸੰਵਿਧਾਨ ਦੀ ਭਾਵਨਾ ਦਾ ਆਦਰ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਤੋਂ ਆਪਣੀ ਤਾਕਤ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਮੁਕਤ ਕਰਨ ਵਿੱਚ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਰੱਖਿਆ ਗਿਆ ਹੈ। ਸਿੱਧੂ ਨੇ ਲਿਖਿਆ ਕਿ ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜੀਆਂ ਜਾਂਦੀਆਂ। ਇਹ ਅਗਲੀ ਪੀੜ੍ਹੀ ਲਈ ਲੜੀਆਂ ਜਾਂਦੀਆਂ ਹਨ। ਟਵੀਟ ਦੇ ਅੰਤ 'ਚ ਉਨ੍ਹਾਂ ਨੇ ਲਿਖਿਆ ਜੈ ਹਿੰਦ...ਜੁੜੇਗਾ ਭਾਰਤ।