ਚੰਡੀਗੜ੍ਹ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਿਚਕਾਰ ਵਿਆਹਾਂ ਨੂੰ ਲੈ ਕੇ ਸ਼ੁਰੂ ਹੋਈ ਟਵੀਟ ਜੰਗ ਵਿੱਚ ਹੁਣ ਡਾਕਟਰ ਨਵਜੋਤ ਕੌਰ ਨੇ ਐਂਟਰੀ ਮਾਰੀ ਹੈ। ਬੀਬੀ ਸਿੱਧੂ ਨੇ ਇੱਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਕੁਰਸੀ 'ਤੇ ਤੰਜ਼ ਕੱਸਿਆ ਹੈ। ਡਾਕਟਰ ਨਵਜੋਤ ਕੌਰ ਮੁਤਾਬਕ ਸੀਐਮ ਮਾਨ ਨੂੰ ਇਹ ਕੁਰਸੀ ਨਵਜੋਤ ਸਿੰਘ ਸਿੱਧੂ ਦੀ ਬਦੌਲਤ ਮਿਲੀ ਹੈ। ਇਸ ਟਵੀਟ ਵਿੱਚ ਡਾਕਟਰ ਨਵਜੋਤ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਦਿੱਲੀ ਦੇ ਸੀਐਮ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ। ਇਹ ਉਹੀ ਦੌਰ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਚੱਲ ਰਹੀਆਂ ਸਨ।
ਨਵਜੋਤ ਕੌਰ ਸਿੱਧੂ ਦਾ ਟਵੀਟ :ਡਾਕਟਰ ਨਵਜੋਤ ਕੌਰ ਨੇ ਟਵੀਟ 'ਚ ਕਿਹਾ- "ਸੀਐਮ ਭਗਵੰਤ ਮਾਨ; ਅੱਜ ਮੈਂ ਤੁਹਾਡੇ ਖ਼ਜ਼ਾਨੇ ਵਿੱਚ ਛੁਪਿਆ ਇੱਕ ਰਾਜ਼ ਜੱਗ ਜ਼ਾਹਰ ਕਰਦੀ ਹਾਂ। ਤੁਸੀਂ ਜਾਣਦੇ ਹੀ ਹੋਵੋਗੇ ਕਿ ਜਿਸ ਮਾਣ ਵਾਲੀ ਕੁਰਸੀ 'ਤੇ ਤੁਸੀਂ ਬੈਠੇ ਹੋ, ਉਹ ਤੁਹਾਨੂੰ ਤੁਹਾਡੇ ਵੱਡੇ ਭਰਾ ਨਵਜੋਤ ਸਿੱਧੂ ਨੇ ਤੋਹਫੇ ਵਜੋਂ ਦਿੱਤੀ ਹੈ। ਤੁਹਾਡੇ ਆਪਣੇ ਸਭ ਤੋਂ ਸੀਨੀਅਰ ਆਗੂ ਚਾਹੁੰਦੇ ਸਨ ਕਿ ਨਵਜੋਤ ਪੰਜਾਬ ਦੀ ਅਗਵਾਈ ਕਰੇ। ਕੇਜਰੀਵਾਲ ਨੇ ਸਾਡੇ ਸੂਬੇ ਪ੍ਰਤੀ ਆਪਣੇ ਜਨੂੰਨ ਬਾਰੇ ਜਾਣਦਿਆਂ, ਪੰਜਾਬ ਦੀ ਅਗਵਾਈ ਕਰਨ ਲਈ ਵੱਖ-ਵੱਖ ਚੈਨਲਾਂ ਰਾਹੀਂ ਉਨ੍ਹਾਂ ਤੱਕ ਪਹੁੰਚ ਕੀਤੀ, ਕਿਉਂਕਿ ਉਹ ਆਪਣੀ ਪਾਰਟੀ ਨਾਲ ਧੋਖਾ ਨਹੀਂ ਕਰਨਾ ਚਾਹੁੰਦੇ ਸਨ ਅਤੇ ਸੋਚਦੇ ਸਨ ਕਿ ਜਦੋਂ ਪੰਜਾਬ ਨੂੰ ਉੱਚਾ ਚੁੱਕਣ ਦੀ ਰਣਨੀਤੀ ਦੀ ਗੱਲ ਆਉਂਦੀ ਹੈ ਤਾਂ 2 ਮਜ਼ਬੂਤ ਦਿਮਾਗ ਵਾਲੇ ਲੋਕ ਟਕਰਾ ਸਕਦੇ ਹਨ, ਉਸਨੇ ਤੁਹਾਨੂੰ ਇੱਕ ਮੌਕਾ ਦਿੱਤਾ।" ਉਨ੍ਹਾਂ ਦੀ ਇਕੋ ਇਕ ਚਿੰਤਾ ਪੰਜਾਬ ਦੀ ਭਲਾਈ ਹੈ ਅਤੇ ਉਨ੍ਹਾਂ ਨੇ ਇਸ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਹੈ। ਪੰਜਾਬ ਦਾ ਸੁਨਹਿਰੀ ਰਾਜ ਉਨ੍ਹਾਂ ਦਾ ਸੁਪਨਾ ਹੈ।