ਚੰਡੀਗੜ੍ਹ: ਇੱਕ ਸਾਲ ਤੋਂ ਚੁੱਪ ਬੈਠੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਟਵੀਟ ਨੇ ਇੱਕ ਵਾਰ ਮੁੜ ਸਿਆਸਤ ਵਿਚ ਖਲਬਲੀ ਮਚਾ ਦਿੱਤੀ ਹੈ ਨਵਜੋਤ ਕੌਰ ਸਿੱਧੂ ਨੇ ਮੰਗਲਵਾਰ ਨੂੰ ਟਵੀਟ ਕਰਕੇ ਬੀਜੇਪੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ, ਜੇ ਬੀਜੇਪੀ ਵੱਖ ਹੋ ਕੇ ਲੜਦੀ ਤਾਂ ਸ਼ਾਇਦ ਬੁਰੇ ਤਰੀਕਿਆਂ ਨਾਲ ਨਾ ਹਾਰਦੀ।
ਇਸ ਬਾਬਤ ਈਟੀਵੀ ਭਾਰਤ ਵੱਲੋਂ ਬੀਜੇਪੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨਾਲ ਖ਼ਾਸ ਗੱਲਬਾਤ ਕੀਤੀ ਗਈ ਕਿ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਬੀਜੇਪੀ ਵਿੱਚ ਸ਼ਾਮਿਲ ਹੋਣਗੇ, ਜਿਸ ਦਾ ਜਵਾਬ ਦਿੰਦਿਆਂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਇੱਕ ਵਾਰ ਆਪਣਾ ਆਤਮ ਚਿੰਤਨ ਮੰਥਨ ਕਰਕੇ ਸੋਚ ਲੈਣ ਕਿ ਉਨ੍ਹਾਂ ਨੇ ਕਿਸ ਘਰ ਦੇ ਵਿੱਚ ਰਹਿਣਾ ਹੈ।
ਮਦਨ ਮੋਹਨ ਮਿੱਤਲ ਨੇ ਨਵਜੋਤ ਕੌਰ ਸਿੱਧੂ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਕਿ ਇਹ ਕੋਈ ਚੰਗੀ ਸਿਆਸਤ ਨਹੀਂ ਕਿ ਵੋਟਾਂ ਤੋਂ ਡੇਢ ਸਾਲ ਪਹਿਲਾਂ ਉਹ ਕਿਸੇ ਵੀ ਪਾਰਟੀ ਦੀ ਸਿਫ਼ਤ ਕਰਨ ਲੱਗ ਪੈਣ। ਉਨ੍ਹਾਂ ਆਪਣੀ ਉਦਾਹਰਣ ਦਿੰਦਿਆਂ ਦੱਸਿਆ ਕਿ ਬੀਜੇਪੀ ਦੇ ਵਿੱਚ ਰਹਿੰਦਿਆਂ ਉਹ ਅਕਾਲੀ ਦਲ ਵਿੱਚ ਆਪਣੀ ਗੱਲ ਰੱਖਦੇ ਹਨ, ਹਰ ਕੰਮ ਕਰਵਾਉਂਦੇ ਹਨ। ਨਵਜੋਤ ਸਿੰਘ ਸਿੱਧੂ ਨੂੰ ਆਪਣੀ ਮਨਿਸਟਰੀ ਛੱਡਣੀ ਨਹੀਂ ਚਾਹੀਦੀ ਸੀ ਬਲਕਿ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੀਦਾ ਸੀ।