ਚੰਡੀਗੜ੍ਹ:ਖੰਨਾ ਵਿੱਚ ਗੁਰਪ੍ਰੀਤ ਭੱਟੀ ਫ਼ਾਰਮ ਹਾਊਸ ਵਿੱਚ ਭਾਜਪਾ ਦੀ ਜ਼ੋਨਲ ਮੀਟਿੰਗ ਹੋਈ, ਜਿਸ ਵਿੱਚ ਸੱਤ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਭਾਜਪਾ ਪੰਜਾਬ ਦੇ ਇੰਚਾਰਜ਼ ਵਿਜੇ ਰੂਪਾਨੀ ਨੇ ਸ਼ਿਰਕਤ ਕੀਤੀ। ਭਾਜਪਾ ਦੀ ਇਸ ਜੋਨਲ ਜਥੇਬੰਦਕ ਮੀਟਿੰਗ ਦਾ ਮੁੱਖ ਮਕਸਦ ਜਥੇਬੰਦੀ ਨੂੰ ਹੋਰ ਮਜ਼ਬੂਤ ,ਚੁਸਤ-ਦਰੁਸਤ ਬਣਾਉਣਾ ਅਤੇ ਪਿੰਡਾਂ ਵਿੱਚ ਭਾਜਪਾ ਦੇ ਵਧੇ ਹੋਏ ਜਨਾਧਾਰ ਨੂੰ ਲੈ ਕੇ ਪਾਰਟੀ ਅਧਿਕਾਰੀਆਂ ਨੂੰ ਜਾਣੂ ਕਰਾਉਣਾ ਤੇ ਆਗਾਮੀ ਰਣਨੀਤੀ ਬਾਰੇ ਜਾਣਕਾਰੀ ਦੇਣਾ ਸੀ।
ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ:ਵਿਜੇ ਰੂਪਾਨੀ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ, ਨਸ਼ਾ ਮੁਕਤ, ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਏਗੀ। ਉਹਨਾਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਉਂਦੇ ਮਾਰਚ ਮਹੀਨੇ ਵਿੱਚ ਪੰਜਾਬ ਆ ਰਹੇ ਹਨ। ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਪੈਂਦੇ ਸ਼ਹਿਰਾਂ ਤੋਂ ਲੈ ਕੇ ਹਰ ਪਿੰਡ ਵਿੱਚ ਕੱਢੀ ਜਾਣ ਵਾਲੀ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕਰਨਗੇ ਜੋ ਕਿ ਗੁਰੂਨਗਰੀ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ।
ਪੰਜਾਬ ਦੇ ਮੌਜੂਦਾ ਹਾਲਾਤ ਠੀਕ ਨਹੀਂ:ਵਿਜੇ ਰੁਪਾਨੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਪਰੋਕਤ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਜਨਤਾ ਦੇ ਸੰਪਰਕ 'ਚ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਹੈ। ਰੁਪਾਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਉਹ ਆਉਣ ਵਾਲੀਆਂ ਪੰਜਾਬ ਦੀਆ ਸਥਾਨਿਕ ਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਬੱਚਿਆਂ ਦਾ ਪੰਜਾਬ ਦੀ ਧਰਤੀ ਛੱਡ ਕੇ ਵੱਡੇ ਪੱਧਰ 'ਤੇ ਦੂਜੇ ਦੇਸ਼ਾਂ ਵਿੱਚ ਜਾ ਰਹੇ ਹਨ ਜੋ ਕਿ ਚਿੰਤਾਜਨਕ ਹੈ।