ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਆਪਣੇ ਹਲਕੇ ਦੇ ਲੋਕਾਂ ਨੂੰ ਕੋਵਿਡ-19 ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਪਿਛਲੇ 10 ਸਾਲਾਂ ਤੋਂ ਉਨ੍ਹਾਂ ਵੱਲੋਂ ਚਲਾਏ ਜਾ ਰਹੇ 'ਨੰਨ੍ਹੀ ਛਾਂ' ਪ੍ਰਾਜੈਕਟ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰ ਔਰਤਾਂ ਫੇਸ ਮਾਸਕ ਬਣਾ ਰਹੀਆਂ ਹਨ। ਇਹ ਫੇਸ ਮਾਸਕ ਬਠਿੰਡਾ ਲੋਕ ਸਭਾ ਹਲਕੇ ਵਿੱਚ ਪੈਂਦੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਵੰਡੇ ਜਾ ਰਹੇ ਹਨ ਤਾਂ ਜੋ ਉਹ ਕੋਰੋਨਾ ਵਾਇਰਸ ਮਹਾਂਮਾਰੀ ਦੀ ਲਾਗ ਤੋਂ ਬਚ ਸਕਣ।
ਬਠਿੰਡਾ ਹਲਕੇ 'ਚ ਫੇਸ ਮਾਸਕ, ਦਸਤਾਨੇ ਤੇ ਸੈਨੇਟਾਈਜ਼ਰ ਵੰਡ ਰਹੀ ਹੈ 'ਨੰਨ੍ਹੀ ਛਾਂ'
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਪਿੰਡ ਬਾਦਲ ਵਿੱਚ 'ਨੰਨ੍ਹੀ ਛਾਂ' ਵਲੰਟੀਅਰਾਂ ਨਾਲ ਮਿਲ ਕੇ ਫੇਸ ਮਾਸਕ ਤੇ ਦਸਤਾਨੇ ਬਣਾਉਣ ਦਾ ਕਾਰਜ ਕਰ ਰਹੇ ਹਨ। ਇਹੀ ਨਹੀਂ, ਉਨ੍ਹਾਂ ਨੇ ਬਾਦਲ ਪਿੰਡ ਤੋਂ ਬਠਿੰਡਾ ਤੱਕ ਪੈਂਦੇ ਪਿੰਡਾਂ ਵਿੱਚ ਫੇਸ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਵੀ ਵੰਡੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਰਹਿਣ, ਤਾਂ ਜੋ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਬਾਦਲ ਪਿੰਡ ਵਿੱਚ ਪੈਂਦੇ ਕੇਂਦਰ ਵਿੱਚ ਖ਼ੁਦ ਫੇਸ ਮਾਸਕ ਬਣਾਏ। ਅਕਾਲੀ ਦਲ ਦੀਆਂ ਵਲੰਟੀਅਰ ਔਰਤਾਂ ਦੇ ਨਾਲ ਉਨ੍ਹਾਂ ਵੱਲੋਂ ਵੀ ਫੇਸ ਮਾਸਕ ਅਤੇ ਦਸਤਾਨੇ ਬਣਾਉਣ ਦੀਆਂ ਤਸਵੀਰਾਂ ਕੇਂਦਰੀ ਮੰਤਰੀ ਵੱਲੋਂ ਟਵੀਟ ਕੀਤੀਆਂ ਗਈਆਂ ਹਨ। ਹਰਸਿਮਰਤ ਬਾਦਲ ਨੇ ਇਸ ਸਮਾਜਿਕ ਕਾਰਜ ਨੂੰ ਨਿਮਰਤਾ ਭਰਪੂਰ ਤਜ਼ਰਬਾ ਦੱਸਿਆ ਗਿਆ।
ਕੇਂਦਰੀ ਮੰਤਰੀ ਸਿਰਫ਼ ਫੇਸ ਮਾਸਕ ਅਤੇ ਦਸਤਾਨੇ ਬਣਾਉਣ ਤੱਕ ਸੀਮਤ ਨਹੀਂ ਰਹੇ ਬਲਕਿ ਉਨ੍ਹਾਂ ਵੱਲੋਂ ਬਾਦਲ ਤੋਂ ਬਠਿੰਡਾ ਤੱਕ ਪੈਂਦੇ ਪਿੰਡਾਂ ਵਿੱਚ ਫੇਸ ਮਾਸਕ ਅਤੇ ਦਸਤਾਨੇ ਵੀ ਵੰਡੇ ਗਏ। ਆਪਣੇ ਟਵੀਟ ਵਿੱਚ ਕੇਂਦਰੀ ਮੰਤਰੀ ਨੇ ਕੈਪਟਨ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਫੇਸ ਮਾਸਕ ਅਤੇ ਦਸਤਾਨੇ ਜ਼ਰੂਰ ਵੰਡਣ ਜਿਹੜੇ ਇਨ੍ਹਾਂ ਨੂੰ ਖਰੀਦਣ ਤੋਂ ਅਸਮਰੱਥ ਹਨ। ਹਰਸਿਮਰਤ ਬਾਦਲ ਵੱਲੋਂ ਪਿੰਡਾਂ ਵਿੱਚ ਸੈਨੇਟਾਈਜ਼ਰ ਵੀ ਵੰਡੇ ਗਏ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਘਰ ਰਹਿਣ ਤਾਂ ਜੋ ਕੋਰੋਨਾ ਵਾਇਰਸ ਵਰਗੀ ਲਾਗ ਦੀ ਬਿਮਾਰੀ ਦੇ ਪ੍ਰਕੋਪ ਨੂੰ ਘੱਟ ਕੀਤਾ ਜਾ ਸਕੇ।