ਚੰਡੀਗੜ੍ਹ: ਕੋਰੋਨਾ ਦੇ ਸਮੂਹਿਕ ਫੈਲਾਅ ਦੇ ਖਤਰੇ ਦੇ ਡਰੋਂ ਅਤੇ ਮਾਹਿਰਾਂ ਵੱਲੋਂ ਇਸ ਮਹਾਂਮਾਰੀ ਦਾ ਸਿਖਰ ਹਾਲੇ ਦੋ ਮਹੀਨਿਆਂ ਬਾਅਦ ਆਉਣ ਦੇ ਸੰਕੇਤਾਂ ਦੇ ਖਦਸ਼ਿਆਂ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਹਫਤੇ ਦੇ ਆਖਰੀ ਦਿਨਾਂ ਅਤੇ ਜਨਤਕ ਛੁੱਟੀ ਵਾਲੇ ਦਿਨਾਂ ਵਿੱਚ ਸਖ਼ਤੀ ਦੇ ਹੁਕਮ ਦਿੰਦਿਆਂ ਸਿਰਫ ਈ-ਪਾਸ ਧਾਰਕਾਂ ਨੂੰ ਹੀ ਆਉਣ-ਜਾਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।
ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਇਸ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਸੂਬੇ ਦੀ ਤਿਆਰੀਆਂ ਸਬੰਧੀ ਸੱਦੀ ਵੀਡਿਓ ਕਾਨਫਰੰਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਮੈਡੀਕਲ ਸਟਾਫ਼ ਅਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਨਾਗਰਿਕਾਂ ਨੂੰ ਹਫਤੇ ਦੇ ਆਖਰੀ ਦਿਨਾਂ ਅਤੇ ਛੁੱਟੀ ਵਾਲੇ ਦਿਨ ਆਉਣ-ਜਾਣ ਲਈ 'ਕੋਵਾ' ਐਪ ਤੋਂ ਈ-ਪਾਸ ਡਾਊਨਲੋਡ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਾਂ ਨੂੰ ਸਾਰੇ ਦਿਨਾਂ ਵਿੱਚ ਆਮ ਵਾਂਗ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੰਦਿਆਂ ਕਿਹਾ ਕਿ ਵੱਡੇ ਇਕੱਠ ਹੋਣ ਤੋਂ ਰੋਕਿਆ ਜਾਵੇ।