ਚੰਡੀਗੜ੍ਹ ਡੈਸਕ : ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿਵਾਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਕੇ ਵਿੱਚ ਵੀ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਦਿੱਲੀ-ਐਨਸੀਆਰ ਸਮੇਤ ਕਈ ਵੱਡੇ ਸੂਬਿਆਂ ਵਿੱਚ 1 ਜੁਲਾਈ ਤਕ ਮੀਂਹ ਦੀ ਸੰਭਾਵਨਾ ਹੈ। ਪੰਜਾਬ ਵਿੱਚ ਵੀ ਬੀਤੇ ਕੱਲ੍ਹ ਵਰ੍ਹੇ ਮੀਂਹ ਨੇ ਪਾਰਾ ਹੇਠਾਂ ਸੁੱਟ ਦਿੱਤਾ ਹੈ। ਇਸ ਰੁੱਤ ਵਿੱਚ ਰੁਕ-ਰੁਕ ਕੇ ਵਰ੍ਹੇ ਮੀਂਹ ਨੇ ਲੋਕਾਂ ਨੂੰ ਗਰਮੀ ਦਾ ਕੋਈ ਬਹੁਤਾ ਅਸਰ ਮਹਿਸੂਸ ਨਹੀਂ ਹੋਣ ਦਿੱਤਾ।
ਪਠਾਨਕੋਟ ਤੇ ਮੋਹਾਲੀ ਪੁੱਜਾ ਮਾਨਸੂਨ :ਮੌਸਮ ਵਿਭਾਗ ਅਨੁਸਾਰ ਪੰਜਾਬ 'ਚ ਮਾਨਸੂਨ ਤੋਂ ਪਹਿਲਾਂ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ 'ਚ ਔਸਤਨ 3.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਦੇ ਪਠਾਨਕੋਟ ਅਤੇ ਮੋਹਾਲੀ ਖੇਤਰ ਵਿੱਚ ਮਾਨਸੂਨ ਆ ਗਿਆ ਹੈ। ਇੱਕ-ਦੋ ਦਿਨਾਂ ਵਿੱਚ ਇਹ ਮਾਨਸੂਨ ਮਾਝਾ ਅਤੇ ਦੁਆਬਾ ਖੇਤਰ ਵਿੱਚ ਵੀ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਚੱਕਰਵਾਤ ਬਿਪਰਜੋਏ ਕਾਰਨ ਕਮਜ਼ੋਰ ਪੈ ਗਿਆ ਮਾਨਸੂਨ ਬਹੁਤ ਤੇਜ਼ੀ ਨਾਲ ਅੱਗੇ ਵਧਿਆ ਹੈ। ਮਾਨਸੂਨ ਨੇ ਇੱਕ ਦਿਨ ਵਿੱਚ ਉੱਤਰ ਪ੍ਰਦੇਸ਼ ਤੋਂ ਹਰਿਆਣਾ ਤੱਕ 750 ਕਿਲੋਮੀਟਰ ਦਾ ਸਫਰ ਤੈਅ ਕੀਤਾ। ਉਥੇ ਹੀ ਦੂਜੇ ਪਾਸੇ ਹਿਮਾਚਲ ਵਾਲੇ ਪਾਸੇ ਤੋਂ ਮਾਨਸੂਨ ਪੰਜਾਬ ਦੀ ਸਰਹੱਦ 'ਤੇ ਪਹੁੰਚ ਗਿਆ ਹੈ।