ਚੰਡੀਗੜ੍ਹ :ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਸੂਬੇ ਵਿੱਚ ਵਿਜੀਲੈਂਸ ਵਿਭਾਗ ਲਗਾਤਾਰ ਐਕਸ਼ਨ ਮੋਡ ਵਿੱਚ ਹੈ। ਵਿਜੀਲੈਂਸ ਨੇ ਪਹਿਲਾਂ ਭ੍ਰਿਸ਼ਟਾਚਾਰੀ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਫਿਰ ਅਫਸਰਾਂ ਨੂੰ। ਹੁਣ ਮੋਹਾਲੀ ਵਿਜੀਲੈਂਸ ਦੀ ਰਡਾਰ ਉੱਤੇ ਫਰਜ਼ੀ ਪ੍ਰਿੰਸੀਪਲ ਅਤੇ ਅਧਿਆਪਕ ਹਨ। ਦੱਸ ਦਈਏ ਲੁਧਿਆਣਾ ਜ਼ਿਲ੍ਹੇ ਦੇ 12 ਸਰਕਾਰੀ ਅਧਿਆਪਕ ਵਿਜੀਲੈਂਸ ਦੇ ਰਾਡਾਰ 'ਤੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਵਿਖੇ ਤਾਇਨਾਤ ਪ੍ਰਿੰਸੀਪਲ ਨੂੰ ਵਿਜੀਲੈਂਸ ਬਿਊਰੋ ਮੁਹਾਲੀ ਨੇ ਜਾਅਲੀ ਡਿਗਰੀ ਦੇ ਆਧਾਰ ’ਤੇ ਸਰਕਾਰੀ ਨੌਕਰੀ ਅਤੇ ਤਰੱਕੀ ਲੈਣ ਦੇ ਇਲਜ਼ਾਮ ਹੇਠ ਕਾਬੂ ਕੀਤਾ ਹੈ। ਇਸ ਤੋਂ ਬਾਅਦ 12 ਹੋਰ ਅਧਿਆਪਕਾਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਸਾਰੇ ਅਧਿਆਪਕਾਂ ਨੇ ਮਗਧ ਵਿਸ਼ਵਵਿਦਿਆਲਿਆ ਅਤੇ ਬੁੰਦੇਲਖੰਡ ਤੋਂ ਡਿਗਰੀਆਂ ਵੀ ਹਾਸਲ ਕੀਤੀਆਂ ਹਨ।
ਜ਼ਿਲ੍ਹਾ ਲੁਧਿਆਣਾ ਦੇ ਅਧਿਆਪਕ ਰਡਾਰ ਉੱਤੇ:ਫਰਜ਼ੀ ਡਿਗਰੀ ਉੱਤੇ ਨਿਯੁਕਤ ਪ੍ਰਿੰਸੀਪਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਤੋਂ ਵਿਜੀਲੈਂਸ ਬਿਊਰੋ ਮੁਹਾਲੀ ਨੇ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਜਦੋਂ ਵਿਜੀਲੈਂਸ ਨੇ ਪ੍ਰਿੰਸੀਪਲ ਤੋਂ ਪੁੱਛਗਿੱਛ ਕੀਤੀ ਤਾਂ ਲਗਭਗ 12 ਦੇ ਕਰੀਬ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਅਧਿਆਪਕਾਂ ਦੇ ਨਾਮ ਨਸ਼ਰ ਹੋਏ ਜੋ ਜਾਅਲੀ ਡਿਗਰੀਆਂ ਦੇਕੇ ਅਧਿਆਪਕ ਨਿਯੁਕਤ ਹੋਏ ਹਨ।
ਸਿਆਸੀ ਦਬਾਅ ਹੇਠ ਲਈਆਂ ਸਨ ਡਿਗਰੀਆਂ: ਸਾਰੇ ਡਿਗਰੀ ਧਾਰਕ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਦੇ ਸਮੇਂ ਤਾਇਨਾਤ ਹੋਏ ਸਨ। ਬਿਹਾਰ ਦੇ ਮਗਧ ਵਿਸ਼ਵ ਵਿਦਿਆਲਿਆ ਤੋਂ ਕੁੱਲ 69 ਡਿਗਰੀ ਦਾ ਰਿਕਾਰਡ ਮੰਗਿਆ ਗਿਆ ਸੀ। ਯੂਨੀਵਰਸਿਟੀ ਨੇ 69 ਡਿਗਰੀਆਂ ਵਿੱਚੋਂ ਰਿਕਾਰਡ 13 ਡਿਗਰੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਸਾਰੀਆਂ ਡਿਗਰੀਆਂ ਸਿਆਸੀ ਪ੍ਰਭਾਵ ਕਾਰਨ ਸਾਹਮਣੇ ਨਹੀਂ ਆ ਸਕੀਆਂ। ਯੂਨੀਵਰਸਿਟੀ ਨੇ ਉਸ ਸਮੇਂ ਜੋ 56 ਡਿਗਰੀਆਂ ਦਾ ਰਿਕਾਰਡ ਮੁਹੱਈਆ ਕਰਵਾਇਆ ਸੀ, ਉਹ ਸਾਰੇ ਜਾਅਲੀ ਪਾਏ ਗਏ ਸਨ। ਉਸ ਸਮੇਂ ਦੀ ਸਰਕਾਰ ਨੇ ਇਹ ਜਾਅਲੀ ਡਿਗਰੀਆਂ ਹਾਸਲ ਕਰਨ ਵਾਲੇ ਅਧਿਆਪਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਆਰਟੀਆਈ ਰਾਹੀਂ ਹੋਈ ਪੜਤਾਲ: ਦੱਸ ਦਈਏ ਇੱਕ ਆਰਟੀਆਈ ਰਾਹੀਂ ਫਰਜ਼ੀ ਡਿਗਰੀਆਂ ਸਬੰਧੀ ਪੜਤਾਲ ਕੀਤੀ ਜਾ ਰਹੀ ਸੀ ਪਰ ਮਗਧ ਯੂਨੀਵਰਿਸਟੀ ਨੇ ਮਾਮਲਾ ਦਬਾ ਲਿਆ ਅਤੇ ਰਿਕਾਰਡ ਗੁੰਮ ਹੋਣ ਦੀ ਗੱਲ ਕਹੀ। ਇਸੇ ਦੌਰਾਨ ਵਿਜੀਲੈਂਸ ਨੇ ਪ੍ਰਿੰਸੀਪਲ ਪਰਮਜੀਤ ਕੌਰ ਤੋਂ ਪੁੱਛਗਿੱਛ ਜਾਰੀ ਰੱਖੀ, ਜਿਸ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਉਸ ਨੇ ਫਰਜ਼ੀ ਡਿਗਰੀ ਦੇ ਕੇ ਸਰਕਾਰੀ ਨੌਕਰੀ ਲਈ ਸੀ। ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ 13 ਡਿਗਰੀਆਂ ਜਿਨ੍ਹਾਂ ਦਾ ਰਿਕਾਰਡ ਉਸ ਸਮੇਂ ਨਹੀਂ ਮਿਲਿਆ ਸੀ, ਦੇ ਨਾਂ ਵੀ ਅੱਜ ਸਾਹਮਣੇ ਆਏ ਹਨ। ਪਰਮਜੀਤ ਕੌਰ ਵੀ ਉਨ੍ਹਾਂ 13 ਡਿਗਰੀ ਧਾਰਕਾਂ ਵਿੱਚ ਸ਼ਾਮਲ ਹੈ, ਇਸ ਲਈ ਬਾਕੀ 12 ਡਿਗਰੀ ਹੋਲਡਰਾਂ ਉੱਤੇ ਹੁਣ ਵਿਜੀਲੈਂਸ ਦਾ ਸ਼ਿਕੰਜਾ ਕਸਿਆ ਹੈ।