ਚੰਡੀਗੜ੍ਹ: ਤਿਉਹਾਰੀ ਸੀਜ਼ਨ ਦੌਰਾਨ ਪੰਜਾਬ ਪੁਲਿਸ ਦੀਆਂ ਵੱਖ-ਵੱਖ ਯੂਨਿਟਾਂ ਲਗਾਤਾਰ ਮੁਸਤੈਦ ਹਨ ਅਤੇ ਹੁਣ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਨੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਇੱਕ ਅੱਤਵਾਦੀ ਮਡਿਊਲ (Terrorist module) ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਹਨ।
ਡੀਜੀਪੀ ਨੇ ਸਾਂਝੀ ਕੀਤੀ ਜਾਣਕਾਰੀ: ਪੁਲਿਸ ਦੀਆਂ ਟੀਮਾਂ ਮੁਤਾਬਿਕ ਇਸ ਗੈਂਗ ਨੂੰ ਪਾਕਿਸਤਾਨ ਆਧਾਰਿਤ ਅੱਤਵਾਦੀ ਹਰਿੰਦਰ ਰਿੰਦਾ (Pakistan based terrorist Harinder Rinda) ਅਤੇ ਯੂਐੱਸਏ ਆਧਾਰਿਤ ਗੈਂਗਸਟਰ ਹੈਪੀ ਪਾਸੀਆ ਵਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ। ਇਸ ਗ੍ਰਿਫ਼ਤਾਰੀ ਨਾਲ ਪੰਜਾਬ 'ਚ ਹੋਣ ਵਾਲੇ ਕਈ ਟਾਰਗੇਟ ਹਮਲਿਆਂ ਨੂੰ ਪੁਲਿਸ ਨੇ ਰੋਕ ਦਿੱਤਾ ਹੈ। ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ।
ਇੱਕ ਵੱਡੀ ਸਫਲਤਾ ਵਿੱਚ, ਪੰਜਾਬ ਪੁਲਿਸ ਨੇ #ਪਾਕ ਅਧਾਰਤ ਅੱਤਵਾਦੀ ਰਿੰਦਾ ਦੁਆਰਾ ਸਮਰਥਤ ਅਤੇ #ਯੂਐਸਏ ਅਧਾਰਤ ਗੈਂਗਸਟਰ ਹੈਪੀ ਪਾਸੀਆ ਦੁਆਰਾ ਸੰਚਾਲਿਤ ਇੱਕ ਅੱਤਵਾਦੀ ਮਾਡਿਊਲ ਦੇ 2 ਸੰਚਾਲਕਾਂ ਦੀ ਗ੍ਰਿਫਤਾਰੀ ਦੇ ਨਾਲ ਨਿਸ਼ਾਨਾ ਹਮਲਿਆਂ ਨੂੰ ਰੋਕ ਦਿੱਤਾ ਗਿਆ ਹੈ।..ਗੌਰਵ ਯਾਦਵ,ਡੀਜੀਪੀ ਪੰਜਾਬ
ਦੱਸ ਦਈਏ ਅੱਤਵਾਦੀ ਮਡਿਊਲ (Terrorist module) ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਪੰਜਾਬ ਵਿੱਚ ਇਸ ਮਹੀਨੇ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਕੇਂਦਰ ਦੀਆਂ ਖੂਫੀਆ ਏਜੰਸੀਆਂ ਨਾਲ ਮਿਲ ਕੇ SSOC ਟੀਮ ਨੇ ਪੰਜਾਬ ਨੂੰ ਦਹਿਲਾਉਣ ਦੇ ਮਨਸੂਬੇ ਲੈਕੇ ਆਏ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਤਵਾਦੀਆਂ ਕੋਲੋਂ ਪੁਲਿਸ ਨੇ 2 ਆਈ.ਈ.ਡੀ., 2 ਹੈਂਡ ਗ੍ਰਨੇਡ, 2 ਮੈਗਜ਼ੀਨਾਂ ਸਮੇਤ 1 ਪਿਸਤੌਲ, 24 ਕਾਰਤੂਸ, 1 ਟਾਈਮਰ ਸਵਿੱਚ, 8 ਡੈਟੋਨੇਟਰ ਅਤੇ 4 ਬੈਟਰੀਆਂ ਬਰਾਮਦ ਕੀਤੀਆਂ ਸਨ। ਇਸ ਗ੍ਰਿਫ਼ਤਾਰੀ ਅਤੇ ਬਰਾਮਦਗੀ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ (Punjab DGP Gaurav Yadav) ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਜਾਣਕਾਰੀ ਸਾਂਝੀ ਕੀਤੀ ਸੀ। ਪੁਲਿਸ ਵੱਲੋਂ ਕਾਬੂ ਕੀਤੇ ਗਏ ਗਏ ਲਸ਼ਕਰ ਦੇ ਇੰਨ੍ਹਾਂ ਦੋਵਾਂ ਅੱਤਵਾਦੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਜਿਥੇ ਜੱਜ ਵੱਲੋਂ ਇੰਨ੍ਹਾਂ ਦੋਵਾਂ ਅੱਤਵਾਦੀਆਂ ਦਾ ਪੁਲਿਸ ਨੂੰ ਦਸ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਸੀ।