ਚੰਡੀਗੜ੍ਹ: ਮੁਲਜ਼ਮ ਵਾਰਦਾਤ ਕਰਕੇ ਭੱਜ ਸਕਦਾ ਹੈ ਤੇ ਇਨਸਾਫ਼ ਮਿਲਣ 'ਚ ਦੇਰੀ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਇਨਸਾਫ਼ ਮਿਲਦਾ ਜ਼ਰੂਰ ਹੈ। ਅਜਿਹਾ ਹੀ ਇੱਕ ਮਾਮਲਾ ਮੁਹਾਲੀ ਦੇ ਡੇਰਾਬੱਸੀ ਤੋਂ ਸਾਹਮਣੇ ਆਇਆ ਹੈ। ਜਿੱਥੇ ਕਰੀਬ ਛੇ ਸਾਲ ਪਹਿਲਾਂ ਮੁਹਾਲੀ ਦੇ ਡੇਰਾਬਸੀ 'ਚ ਕਤਲ ਹੋਏ ਗਾਇਕ ਨਵਜੋਤ ਸਿੰਘ ਉਰਫ਼ ਈਸਾਪੁਰੀਆ ਵਿਰਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।
ਛੇ ਸਾਲ ਪਹਿਲਾਂ ਹੋਇਆ ਸੀ ਕਤਲ: ਪੁਲਿਸ ਵਲੋਂ ਇਸ ਮਾਮਲੇ 'ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦੀ ਜਾਣਕਾਰੀ ਖੁਦ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਕਿ ਕਰੀਬ ਛੇ ਸਾਲ ਪਹਿਲਾਂ ਗਾਇਕ ਦਾ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ 'ਚ ਪੁਲਿਸ ਨੂੰ ਮਾਮਲੇ ਵਿੱਚ ਉਸ ਸਮੇਂ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਜਿਸ ਕਾਰਨ ਉਸ ਸਮੇਂ ਗਾਇਕ ਦਾ ਕਤਲ ਲਵ ਐਂਗਲ ਅਤੇ ਜਾਇਦਾਦ ਨੂੰ ਲੈ ਕੇ ਮੰਨਿਆ ਜਾ ਰਿਹਾ ਸੀ।
ਡੀਜੀਪੀ ਪੰਜਾਬ ਨੇ ਖੁਦ ਦਿੱਤੀ ਜਾਣਕਾਰੀ: ਡੀਜੀਪੀ ਪੰਜਾਬ ਨੇ ਟਵੀਟ ਕਰਦਿਆਂ ਲਿਖਿਆ ਕਿ, ਅੱਜ 6 ਸਾਲਾਂ ਬਾਅਦ ਗਾਇਕ ਨਵਜੋਤ ਸਿੰਘ ਉਰਫ ਈਸਾਪੁਰੀਆ ਵਿਰਕ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨਿਆਂ ਮਿਲ ਗਿਆ ਹੈ। 2018 ਵਿੱਚ ਗਾਇਕ ਦੇ ਅਣਪਛਾਤੇ ਸਨਸਨੀਖੇਜ਼ ਕਤਲ ਕੇਸ 'ਤੇ ਪੇਸ਼ੇਵਰ ਅਤੇ ਵਿਗਿਆਨਕ ਤੌਰ 'ਤੇ ਕੰਮ ਕਰਦੇ ਹੋਏ ਸੀਆਈਏ ਮੁਹਾਲੀ ਪੁਲਿਸ ਨੇ ਜਾਂਚ ਨੂੰ ਡੂੰਘਾਈ ਨਾਲ ਸੁਲਝਾ ਲਿਆ ਹੈ। ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਲਈ ਵਚਨਬੱਧ ਹੈ।
ਲੁੱਟਣ ਦੀ ਕੋਸ਼ਿਸ਼ ਨਾਲ ਕਤਲ ਦੀ ਵਾਰਦਾਤ: ਗ੍ਰਿਫਤਾਰੀ ਤੋਂ ਬਾਅਦ ਖੁਲਾਸਾ ਹੋਇਆ ਕਿ ਗਾਇਕ ਦੀ ਕਾਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੇ ਕਤਲ ਵਿੱਚ ਅਭਿਸ਼ੇਕ ਉਰਫ਼ ਰਜਤ ਅਤੇ ਸੌਰਭ ਨਾਮ ਦੇ ਦੋ ਨੌਜਵਾਨ ਸ਼ਾਮਲ ਸਨ। ਜਿਸ ਵਿੱਚੋਂ ਸੌਰਵ ਦੀ ਮੌਤ ਹੋ ਚੁੱਕੀ ਹੈ ਅਤੇ ਰਜਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਰਾਹੁਲ ਖੱਟਾ ਗੈਂਗ ਲਈ ਕੰਮ ਕਰਦੇ ਸਨ ਦੋਵੇਂ ਮੁਲਜ਼ਮ:ਗਾਇਕ ਵਿਰਕ ਦੇ ਕਤਲ ਵਿੱਚ ਸ਼ਾਮਲ ਦੋਵੇਂ ਮੁਲਜ਼ਮ ਉੱਤਰ ਪ੍ਰਦੇਸ਼ ਦੇ ਰਾਹੁਲ ਖੱਟਾ ਗੈਂਗ ਲਈ ਕੰਮ ਕਰਦੇ ਸਨ। ਕਤਲ ਵਿੱਚ ਵਰਤੇ ਗਏ ਹਥਿਆਰ ਵੀ ਉੱਤਰ ਪ੍ਰਦੇਸ਼ ਤੋਂ ਲਿਆਂਦੇ ਗਏ ਸਨ। ਪੁਲਿਸ ਹੁਣ ਮੁਲਜ਼ਮ ਰਜਤ ਨੂੰ ਉੱਤਰ ਪ੍ਰਦੇਸ਼ ਤੋਂ ਟਰਾਂਜ਼ਿਟ ਰਿਮਾਂਡ 'ਤੇ ਲੈ ਕੇ ਆਈ ਹੈ। ਮੁਲਜ਼ਮ ਰਜਤ ਸ਼ਾਮਲੀ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਜਦਕਿ ਇਸ ਦਾ ਦੂਜਾ ਸਾਥੀ ਹਰਿਆਣਾ ਦਾ ਸੀ।
ਵੱਡੀ ਵਾਰਦਾਤ ਕਰਨ ਲਈ ਲੋੜੀਂਦੀ ਸੀ ਗੱਡੀ: ਪੁਲਿਸ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਦੋਵਾਂ ਮੁਲਜ਼ਮਾਂ ਨੇ ਰਾਹੁਲ ਖੱਟਾ ਗੈਂਗ ਦੇ ਵਿਰੋਧੀ ਇੱਕ ਹੋਰ ਗੈਂਗ ਨਾਲ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਇਸ ਦੇ ਲਈ ਉਨ੍ਹਾਂ ਨੂੰ ਗੱਡੀ ਦੀ ਲੋੜ ਸੀ। ਇਸੇ ਕਾਰਨ ਉਨ੍ਹਾਂ ਨੇ ਕਾਰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਗਾਇਕ ਵਿਰਕ ਦਾ ਕਤਲ ਕਰ ਦਿੱਤਾ ਗਿਆ। ਇਸ ਕਾਰਨ ਦੋਵੇਂ ਮੁਲਜ਼ਮ ਮੌਕੇ ’ਤੇ ਹੀ ਗੱਡੀ ਛੱਡ ਕੇ ਫਰਾਰ ਹੋ ਗਏ।
ਮੁਲਜ਼ਮ ਰਜਤ ਖ਼ਿਲਾਫ਼ ਚੱਲ ਰਹੇ ਕੇਸ:ਗਾਇਕ ਕਤਲ ਕੇਸ ਵਿੱਚ ਗ੍ਰਿਫ਼ਤਾਰ ਮੁਲਜ਼ਮ ਰਜਤ ਖ਼ਿਲਾਫ਼ ਪਹਿਲਾਂ ਹੀ ਸੱਤ ਕੇਸ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਚਾਰ ਕੇਸ ਉੱਤਰ ਪ੍ਰਦੇਸ਼ ਵਿੱਚ, ਦੋ ਕੇਸ ਹਰਿਆਣਾ ਵਿੱਚ ਅਤੇ ਇੱਕ ਕੇਸ ਪੰਜਾਬ ਵਿੱਚ ਚੱਲ ਰਿਹਾ ਹੈ। ਜਿਸ ਹਥਿਆਰ ਦੀ ਵਰਤੋਂ ਉਸ ਨੇ ਗਾਇਕ ਨੂੰ ਮਾਰਨ ਲਈ ਕੀਤੀ ਸੀ, ਉਹ 2019 ਵਿਚ ਹਰਿਆਣਾ ਦੀ ਰਾਏਪੁਰ ਰਾਣੀ ਪੁਲਿਸ ਨੇ ਇਕ ਹੋਰ ਮਾਮਲੇ ਵਿਚ ਬਰਾਮਦ ਕੀਤਾ ਸੀ। ਹੁਣ ਮੁਲੀ ਪੁਲਿਸ ਹਥਿਆਰਾਂ ਦੀ ਫੋਰੈਂਸਿਕ ਜਾਂਚ ਕਰੇਗੀ।
ਸੰਗੀਤ ਕਲਾਸ ਲਈ ਨਿਕਲਿਆ ਸੀ ਘਰੋਂ:ਗਾਇਕ ਨਵਜੋਤ ਸਿੰਘ ਵਿਰਕ 28 ਮਈ 2018 ਨੂੰ ਡੇਰਾਬੱਸੀ ਦੇ ਪਿੰਡ ਬੇਹੜਾ ਤੋਂ ਮਿਊਜ਼ਿਕ ਕਲਾਸ ਵਿੱਚ ਜਾਣ ਲਈ ਨਿਕਲਿਆ ਸੀ। ਉਸ ਨੇ 11 ਵਜੇ ਫੋਨ ਕਰਕੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਸੰਗੀਤ ਦੀ ਕਲਾਸ ਤੋਂ ਡੇਰਾਬੱਸੀ ਵਾਪਸ ਆ ਗਿਆ ਹੈ। ਉਹ ਕੁਝ ਸਮੇਂ ਬਾਅਦ ਘਰ ਪਹੁੰਚ ਜਾਵੇਗਾ ਪਰ 12 ਵਜੇ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੋਨ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਇਸ 'ਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਘਰ ਤੋਂ 2 ਕਿਲੋਮੀਟਰ ਦੂਰ ਮਿਲੀ ਸੀ ਲਾਸ਼: ਜਦੋਂ ਨਵਜੋਤ ਦੇ ਪਿਤਾ ਸੁਖਬੀਰ ਸਿੰਘ ਉਸ ਦੀ ਭਾਲ ਵਿਚ ਘਰੋਂ ਨਿਕਲੇ ਤਾਂ ਉਸ ਦੀ ਕਾਰ 2 ਕਿਲੋਮੀਟਰ ਦੂਰ ਬਰਵਾਲਾ ਰੋਡ 'ਤੇ ਖੜ੍ਹੀ ਸੀ। ਜਦੋਂ ਉਨ੍ਹਾਂ ਨੇ ਨੇੜੇ-ਤੇੜੇ ਭਾਲ ਕੀਤੀ ਤਾਂ ਪੁੱਤ ਦੀ ਲਾਸ਼ ਖੂਨ ਨਾਲ ਲੱਥਪੱਥ ਹੋਈ ਉਥੇ ਹੀ ਮਿਲੀ। ਉਨ੍ਹਾਂ ਦੀ ਸੂਚਨਾ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਮੌਕੇ ਤੋਂ 0.9 ਐਮਐਮ ਬੋਰ ਦੇ ਪਿਸਤੌਲ ਦੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਸਨ।