ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਕੇਸ ਵਿੱਚ ਲੋੜੀਂਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ਼ ਸ਼ਨਿੱਚਰਵਾਰ ਨੂੰ ਮੋਹਾਲੀ ਅਦਾਲਤ ਨੇ ਗ੍ਰਿਫ਼ਤਾਰੀ ਵਰੰਟ ਜਾਰੀ ਕਰ ਦਿੱਤਾ ਹੈ। ਪੁਲਿਸ ਕਈ ਦਿਨਾਂ ਤੋਂ ਸੁਮੇਧ ਸਿੰਘ ਸੈਣੀ ਦੀ ਭਾਲ 'ਚ ਪੰਜਾਬ, ਦਿੱਲੀ, ਹਿਮਾਚਲ, ਯੂਪੀ ਤੇ ਚੰਡੀਗੜ੍ਹ ਦੇ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਹਰ ਵਾਰ ਪੁਲਿਸ ਨੂੰ ਖਾਲੀ ਹੱਥ ਹੀ ਵਾਪਸ ਮੁੜਣਾ ਪੈ ਰਿਹਾ ਹੈ।
'ਸੁਮੇਧ ਸੈਣੀ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ, ਹੁਣ ਤਾਂ ਸੈਣੀ ਨੂੰ ਅਦਾਲਤ ਅੱਗੇ ਪੇਸ਼ ਹੋਣਾ ਹੀ ਪਵੇਗਾ' ਸੁਮੇਧ ਸੈਣੀ ਖਿਲਾਫ਼ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਰੰਟ ਜਾਰੀ ਕਰਨ 'ਤੇ ਸੈਣੀ ਖਿਲਾਫ਼ ਲੜ੍ਹਨ ਵਾਲੇ ਵਿਸ਼ੇਸ਼ ਸਰਕਾਰੀ ਵਕੀਲ ਸੁਰਤੇਜ ਸਿੰਘ ਨਰੂਲਾ ਨੇ ਕਿਹਾ ਕਿ ਪੰਜਾਬ ਪੁਲਿਸ ਜਦੋਂ ਵੀ ਛਾਪੇਮਾਰੀ ਦੇ ਲਈ ਦੂਜੇ ਸੂਬਿਆਂ ਵਿੱਚ ਜਾਂਦੀ ਸੀ ਤਾਂ ਵਾਰੰਟ ਨਾ ਹੋਣ ਕਾਰਨ ਪੁਲਿਸ ਨੂੰ ਪ੍ਰੇਸ਼ਾਨੀ ਆਉਂਦੀ ਸੀ। ਸੈਣੀ ਨੂੰ ਗ੍ਰਿਫ਼ਤਾਰ ਕਰਨ ਦੇ ਵਿੱਚ ਉਸ ਸੂਬੇ ਦੀ ਪੁਲਿਸ ਵੀ ਉਨ੍ਹਾਂ ਦੀ ਮਦਦ ਨਹੀਂ ਕਰਦੀ ਸੀ, ਜਿਸ ਨੂੰ ਵੇਖਦੇ ਹੋਏ ਅਦਾਲਤ ਨੇ ਸੈਣੀ ਦੇ ਗ੍ਰਿਫਤਾਰੀ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।
ਸੁਰਤੇਜ ਸਿੰਘ ਨਰੂਲਾ ਨੇ ਦੱਸਿਆ ਕਿ ਦਿੱਲੀ ਦੇ ਵਿੱਚ ਸੈਣੀ ਦੇ ਪੰਚਸ਼ੀਲ ਪਾਰਕ ਘਰ ਵਿੱਚ ਰਹਿੰਦੇ ਉਨ੍ਹਾਂ ਦੀ ਪਤਨੀ ਤੇ ਬੇਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ 22 ਅਗਸਤ ਤੋਂ ਬਾਅਦ ਉਨ੍ਹਾਂ ਦਾ ਸੈਣੀ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।
ਇਸ ਦੇ ਨਾਲ ਹੀ ਸਰਤਾਜ ਸਿੰਘ ਨਰੂਲਾ ਨੇ ਕਿਹਾ ਕਿ ਸੈਣੀ ਨੂੰ ਹੁਣ ਆਪ ਹੀ ਸਰੰਡਰ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਹ ਖੁਦ ਪੁਲਿਸ ਦੀ ਸਰਵਿਸ ਕਰ ਚੁੱਕੇ ਹਨ। ਅਜਿਹੇ ਹਾਲਾਤ ਦੇ ਵਿੱਚ ਉਹ ਆਪਣੀ ਮੁਸ਼ਕਿਲਾਂ ਹੋਰ ਵਧਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੈਣੀ ਆਪ ਪੁਲਿਸ ਦੇ ਵੱਡੇ ਅਹੁਦੇ 'ਤੇ ਰਹਿ ਚੁੱਕੇ ਹਨ, ਇਸ ਦੇ ਬਾਵਜੂਦ ਉਹ ਫ਼ਰਾਰ ਹੋ ਗਏ ਹਨ। ਨਰੂਲਾ ਨੇ ਕਿਹਾ ਕਿ ਸੈਣੀ ਕਿਤੇ ਨਾ ਕਿਤੇ ਕਾਨੂੰਨ ਅਤੇ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਵੀ ਕਰ ਰਹੇ ਹਨ।
ਦੱਸ ਦੇਈਏ ਮੋਹਾਲੀ ਅਦਾਲਤ ਨੇ ਹੁਣ ਸੈਣੀ ਖਿਲ਼ਾਫ ਵਾਰੰਟ ਜਾਰੀ ਕਰ ਪੁਲਿਸ ਨੂੰ ਕਿਹਾ ਹੈ ਕਿ ਉਹ ਸੈਣੀ ਨੂੰ 25 ਸਤੰਬਰ ਤੱਕ ਅਦਾਲਤ ਅੱਗੇ ਪੇਸ਼ ਕਰੇ। ਸੈਣੀ ਖਿਲਾਫ਼ ਇਹ ਵਾਰੰਟ ਗੈਰ ਜ਼ਮਾਨਤੀ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੈਣੀ ਦੀ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਹੈ।