ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਬੇਸ਼ੱਕ ਹੰਗਾਮਾ ਵੀ ਹੋਇਆ ਪਰ ਕਈ ਵਿਧਾਇਕਾਂ ਨੇ ਆਪਣੇ ਹਲਕਿਆਂ ਲਈ ਕਾਫੀ ਕੁੱਝ ਮੰਗਿਆ ਵੀ ਹੈ। ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਨੂੰ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਸੈਸ਼ਨ ਦੌਰਾਨ ਅੱਜ ਵੀ ਵਿਰੋਧੀ ਧਿਰ ਵੱਲੋਂ ਹੰਮਾਗਾ ਕੀਤਾ ਗਿਆ ਤੇ ਕਾਨੂੰਨ ਵਿਵਸਥਾ ਸਣੇ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਦੱਸ ਦਈਏ ਕਿ ਭਲਕੇ ਯਾਨੀ ਸ਼ੁਕਰਵਾਰ ਦੇ ਬਜਟ ਇਜਲਾਸ ਉੱਤੇ ਸਭ ਦੀਆਂ ਨਜ਼ਰਾਂ ਹਨ, ਕਿਉਂਕਿ ਕੱਲ੍ਹ ਵਿੱਤ ਮੰਤਰੀ ਹਰਪਾਲ ਚੀਮਾ ਆਪਣੀ ਸਰਕਾਰ ਦਾ ਪਹਿਲਾਂ ਬਜਟ ਪੇਸ਼ ਕਰਨਗੇ।
ਡਾਈਆਂ ਵਾਸਤੇ ਐਕਵਾਇਰ ਹੋਵੇ ਵੱਖਰੀ ਜਮੀਨ :ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਲੁਧਿਆਣਾ ਦੇ ਬੁੱਢੇ ਨਾਲੇ ਵਿਚ ਡਾਈਆਂ ਦਾ ਪਾਣੀ ਜਾਣ ਦੀ ਗੱਲ ਕੀਤੀ ਹੈ। ਗੋਗੀ ਨੇ ਕਿਹਾ ਕਿ ਇਸ ਨਾਲ ਲੁਧਿਆਣਾ ਦੀ ਇੰਡਸਟਰੀ ਦੇ ਨਾਲ ਨਾਲ ਲੋਕਾਂ ਦਾ ਵੀ ਨੁਕਸਾਨ ਹੁੰਦਾ ਹੈ। ਹਾਲਾਂਕਿ ਇੰਡਸਟਰੀ ਲਈ ਡਾਈਆਂ ਦਾ ਪਾਣੀ ਸਾਫ ਕਰਨ ਲਈ ਕੋਈ ਢੁੱਕਵੀਂ ਥਾਂਂ ਨਹੀਂ ਹੈ। ਇਸ ਕਾਰਨ ਬੁਢੇ ਨਾਲੇ ਦਾ ਪਾਣੀ ਹੋਰ ਗੰਦਾ ਹੋ ਰਿਹਾ ਹੈ। ਗੋਗੀ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਡਾਈਆਂ ਵਾਸਤੇ ਬਾਹਰ ਕਿਤੇ ਜ਼ਮੀਨ ਐਕਵਾਇਰ ਕੀਤੀ ਜਾਵੇ ਤਾਂ ਜੋ ਡਾਈਆਂ ਦਾ ਪਾਣੀ ਉੱਥੇ ਸਾਫ ਕੀਤਾ ਜਾਵੇ ਅਤੇ ਇਸਨੂੰ ਬੁੱਢੇ ਨਾਲੇ ਵਿਚ ਨਾ ਹੜਾਇਆ ਜਾਵੇ।