ਚੰਡੀਗੜ੍ਹ: ਚੇਤਨ ਸਿੰਘ ਜੌੜਾਮਾਜਰਾ ਨੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਖਾਸ ਤੌਰ ‘ਤੇ ਜ਼ਮੀਨੀ ਪੱਧਰ ਉੱਤੇ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ ਤਾਂ ਜੋ ਸੂਬੇ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ ਤੱਕ ਵੀ ਸੂਚਨਾ ਦਾ ਪ੍ਰਸਾਰ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ। ਵਿਭਾਗ ਨੂੰ ਹੋਰ ਵੀ ਜੋਸ਼ ਅਤੇ ਸਰਗਰਮੀ ਨਾਲ ਕੰਮ ਕਰਨ ਦੀ ਤਾਕੀਦ ਕਰਦੇ ਹੋਏ ਮੰਤਰੀ ਨੇ ਅਧਿਕਾਰੀਆਂ ਨੂੰ ਕਣਕ ਦੇ ਚੱਲ ਰਹੇ ਸੀਜ਼ਨ ਦੌਰਾਨ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਉਪਲਬਧ ਕਰਾਏ ਕਿਸਾਨ ਪੱਖੀ ਬੁਨਿਆਦੀ ਢਾਂਚੇ ਤੋਂ ਇਲਾਵਾ ਕੁਝ ਹੋਰ ਅਹਿਮ ਪਹਿਲੂਆਂ ‘ਤੇ ਕੇਂਦਰਿਤ ਇੱਕ ਸਕਾਰਾਤਮਕ ਪ੍ਰਚਾਰ ਮੁਹਿੰਮ ਨੂੰ ਲਾਗੂ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ਵਿੱਚ ਕੀਤੇ ਗਏ ਟੈਸਟਾਂ ਦੀ ਗਿਣਤੀ, ਬਾਗਬਾਨੀ ਅਤੇ ਸਾਬਕਾ ਸੈਨਿਕ ਭਲਾਈ ਦੇ ਖੇਤਰਾਂ ਵਿੱਚ ਹੋਰ ਭਲਾਈ ਸਕੀਮਾਂ ਦਾ ਪ੍ਰਚਾਰ ਪਸਾਰ ਵੀ ਸ਼ਾਮਲ ਹੈ ।
ਭਲਾਈ ਸਕੀਮਾਂ ਦਾ ਪ੍ਰਚਾਰ ਪਸਾਰ:ਜੋੜਾਮਾਜਰਾ ਨੇ ਅੱਗੇ ਕਿਹਾ ਕਿ ਮਹਿਜ਼ ਇੱਕ ਸਾਲ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਮ ਆਦਮੀ ਦੀ ਭਲਾਈ ਦੇ ਉਦੇਸ਼ ਨਾਲ ਕਈ ਨਵੀਆਂ ਪਹਿਲਕਦਮੀਆਂ ਨੂੰ ਲਾਗੂ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ ਇੱਕ ਵੱਡੀ ਪ੍ਰਗਤੀਸ਼ੀਲ ਤਬਦੀਲੀ ਦਾ ਮੁੱਢ ਬੰਨਿਆ ਹੈ , ਜਿਸ ਤਹਿਤ 23 ਜ਼ਿਲ੍ਹਿਆਂ ਵਿੱਚ 117 ਸਕੂਲ ਆਫ ਐਮੀਨੈਂਸ, 500 ਆਮ ਆਦਮੀ ਕਲੀਨਿਕ, ਹਰੇਕ ਪਰਿਵਾਰ ਲਈ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਵਰਗੇ ਨਵੇਕਲੇ ਉਪਰਾਲਿਆਂ ਨੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣੇ ਸ਼ੁਰੂ ਕਰ ਦਿੱਤੇ ਹਨ। ਇਸ ਨੂੰ ਜ਼ਮੀਨੀ ਪੱਧਰ ‘ਤੇ ਵੀ ਦੇਖਣ ਦੀ ਲੋੜ ਹੈ।