ਚੰਡੀਗੜ੍ਹ:ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬੇ ਵਿੱਚ ਵੈਕਟਰ ਬੋਰਨ ਬਿਮਾਰੀਆਂ ਦੇ ਫੈਲਾਣ ਨੂੰ ਰੋਕਣ ਲਈ ਰਣਨੀਤੀ ਘੜਨ ਵਾਸਤੇ ਸਟੇਟ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਵੈਕਟਰ ਬੋਰਨ ਬਿਮਾਰੀਆਂ ਵਿੱਚ ਡੇਂਗੂ, ਚਿਕਨਗੁਨੀਆ, ਮਲੇਰੀਆ, ਲਿੰਫੈਟਿਕ ਫਾਈਲੇਰੀਆਸਿਸ, ਜਾਪਾਨੀ ਇਨਸੇਫਲਾਈਟਿਸ ਅਤੇ ਕਾਲਾ ਅਜ਼ਰ ਸ਼ਾਮਲ ਹਨ।
ਸਿਹਤ ਮੰਤਰੀ ਨੇ ਕੀਤੀ ਅਪੀਲ:ਅੰਤਰ-ਵਿਭਾਗੀ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤਾਂ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਟੇਟ ਟਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ, ਮੈਡੀਕਲ ਸਿੱਖਿਆ ਤੇ ਖੋਜ, ਸਿੱਖਿਆ, ਲੇਬਰ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਡਾ. ਬਲਬੀਰ ਸਿੰਘ ਨੇ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੇ ਵੱਧ ਰਹੇ ਖਤਰੇ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਸਾਰੇ ਵਿਭਾਗਾਂ ਨੂੰ ਇਨ੍ਹਾਂ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਮਿਲ ਕੇ ਕੰਮ ਕਰਨ ਦੀ ਹਦਾਇਤ ਕੀਤੀ।
ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਘਰਾਂ ਅਤੇ ਦਫ਼ਤਰਾਂ ਵਿੱਚ ਕੂਲਰਾਂ, ਕੰਟੇਨਰਾਂ, ਬਰਤਨਾਂ, ਛੱਤਾਂ ਆਦਿ ਜਾਂ ਕਿਸੇ ਵੀ ਅਜਿਹੀ ਜਗ੍ਹਾ ਜਿੱਥੇ ਪਾਣੀ ਖੜ੍ਹਾ ਹੋਣ ਦੀ ਸੰਭਾਵਨਾ ਹੋਵੇ, ਨੂੰ ਸਾਫ਼ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੱਛਰਾਂ ਦੇ ਪ੍ਰਜਨਨ ਚੱਕਰ ਨੂੰ ਤੋੜਨ ਦਾ ਇਹ ਇੱਕੋ ਇੱਕ ਤਰੀਕਾ ਹੈ।
ਸਿਹਤ ਮੰਤਰੀ ਨੇ ਸਿਹਤ, ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਵਿਭਾਗਾਂ ਨੂੰ ਪਿੰਡਾਂ ਦੀਆਂ ਸਿਹਤ, ਸੈਨੀਟੇਸ਼ਨ ਅਤੇ ਪੋਸ਼ਣ ਕਮੇਟੀਆਂ (ਵੀ.ਐਚ.ਐਸ.ਐਨ.ਸੀਜ਼) ਅਤੇ ਮਹਿਲਾ ਅਰੋਗਿਆ ਸਮਿਤੀ (ਐਮ.ਏ.ਐਸ.) ਨਾਲ ਮਿਲ ਕੇ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਵਿੱਚ ਅਚਨਚੇਤ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਮੱਛਰ ਦੇ ਲਾਰਵੇ 'ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਨੇ ਉਲੰਘਣਾ ਪਾਏ ਜਾਣ 'ਤੇ ਚਲਾਨ ਕੱਟਣ ਦੇ ਵੀ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਸਥਾਨਕ ਸਰਕਾਰਾਂ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਨੂੰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਫੌਗਿੰਗ ਗਤੀਵਿਧੀਆਂ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਸੂਬੇ ਭਰ ਵਿੱਚ ਜਨਤਕ ਜਲ ਸਪਲਾਈ ਟੂਟੀਆਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਹੋਣ ਨੂੰ ਰੋਕਣ ਲਈ ਸੋਕ ਪਿੱਟਸ ਬਣਾਉਣ ਲਈ ਕਿਹਾ। ਉਨ੍ਹਾਂ ਸਿੱਖਿਆ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਐਜੂਸੈਟ ਰਾਹੀਂ ਅਤੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਇਨ੍ਹਾਂ ਬਿਮਾਰੀਆਂ ਅਤੇ ਇਸ ਦੇ ਲੱਛਣਾਂ ਬਾਰੇ ਜਾਗਰੂਕ ਕੀਤਾ ਜਾਵੇ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਪੁਰਾਣੇ ਟਾਇਰਾਂ ਜਾਂ ਪੁਰਾਣੇ ਵਾਹਨਾਂ ਵਰਗੇ ਸਕਰੈਪ ਦੇ ਜਲਦ ਤੋਂ ਜਲਦ ਨਿਬੇੜੇ ਦਾ ਭਰੋਸਾ ਦਿੱਤਾ।
Rainy Season: ਸਿਹਤ ਮੰਤਰੀ ਨੇ ਲੋਕਾਂ ਨੂੰ ਪਾਣੀ ਖੜ੍ਹਨ ਵਾਲੀਆਂ ਸਾਰੀਆਂ ਸੰਭਾਵੀ ਥਾਵਾਂ ਨੂੰ ਸਾਫ਼ ਰੱਖਣ ਦੀ ਕੀਤੀ ਅਪੀਲ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੀਂਹ ਦੇ ਮੌਸਮ ਤੋਂ ਪਹਿਲਾਂ ਲੋਕਾਂ ਨੂੰ ਪਾਣੀ ਖੜ੍ਹਨ ਵਾਲੀਆਂ ਸਾਰੀਆਂ ਸੰਭਾਵੀ ਥਾਵਾਂ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜਾਣਕਾਰੀ ਅਨੁਸਾਰ ਸੂਬੇ ਵਿੱਚ ਡੇਂਗੂ ਦੇ ਸਿਰਫ਼ 84, ਚਿਕਨਗੁਨੀਆ ਦੇ 6 ਅਤੇ ਮਲੇਰੀਆ ਦੇ 9 ਮਾਮਲੇ ਸਾਹਮਣੇ ਆਏ ਹਨ।
ਪੰਜਾਬ ਵਿੱਚ ਡੇਂਗੂ ਦੇ ਮਾਮਲੇ: ਜਾਣਕਾਰੀ ਅਨੁਸਾਰ ਸੂਬੇ ਵਿੱਚ ਡੇਂਗੂ ਦੇ ਸਿਰਫ਼ 84, ਚਿਕਨਗੁਨੀਆ ਦੇ 6 ਅਤੇ ਮਲੇਰੀਆ ਦੇ 9 ਮਾਮਲੇ ਸਾਹਮਣੇ ਆਏ ਹਨ। ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਕਿਸੇ ਵੀ ਸੰਭਾਵੀ ਵਾਧੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਡੇਂਗੂ ਵਾਰਡਾਂ ਵਿੱਚ 1300 ਬਿਸਤਰਿਆਂ ਦੀ ਵਿਵਸਥਾ ਕੀਤੀ ਗਈ ਹੈ। ਮੱਛਰਾਂ ਦੇ ਪ੍ਰਜਨਨ ਨੂੰ ਕਾਬੂ ਕਰਨ ਲਈ 855 ਬ੍ਰੀਡਿੰਗ ਚੈਕਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਦੰ ਨਾਲ ਹੀ ਜਾਗਰੂਕਤਾ ਅਤੇ ਚਲਾਨ ਸਬੰਧੀ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਦਾ ਟੈਸਟ ਅਤੇ ਇਲਾਜ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਦੌਰਾਨ ਸਿਹਤ ਮੰਤਰੀ ਨੇ ਵੈਕਟਰ-ਬੋਰਨ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਦੀ ਮਹੱਤਤਾ ਨੂੰ ਦਰਸਾਉਂਦਾ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ।
ਇਲਾਜ ਨਾਲੋਂ ਰੋਕਥਾਮ ਬਿਹਤਰ
- ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਕਰੋ ਅਤੇ ਇੱਕ ਦਿਨ ਲਈ ਸੁੱਕਾ ਰੱਖੋ।
- ਪਾਣੀ ਦੇ ਖੜੋਤ ਨੂੰ ਰੋਕਣ ਲਈ ਕੰਟੇਨਰ ਜਿਵੇਂ ਕਿ ਫੁੱਲਾਂ ਦੇ ਬਰਤਨ, ਟੁੱਟੀਆਂ ਚੀਜ਼ਾਂ, ਟਾਇਰ ਆਦਿ ਨੂੰ ਛੱਤਾਂ 'ਤੇ ਨਾ ਰੱਖੋ।
- ਮੱਛਰਾਂ ਦੇ ਪੈਦਾ ਹੋਣ ਸਬੰਧੀ ਸਾਰੇ ਸੰਭਾਵੀ ਸਰੋਤਾਂ ਅਤੇ ਥਾਵਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਖ਼ਤਮ ਕਰਨਾ ਚਾਹੀਦਾ ਹੈ।
- ਘਰ ਦੇ ਆਲੇ-ਦੁਆਲੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ।
- ਜਦੋਂ ਟੀਮਾਂ ਬਾਹਰ ਕੀਟਨਾਸ਼ਕਾਂ ਦਾ ਛਿੜਕਾਅ ਕਰਦੀਆਂ ਹਨ ਤਾਂ ਦਰਵਾਜ਼ੇ ਅਤੇ ਖਿੜਕੀਆਂ ਬੰਦ ਨਾ ਕਰੋ।
- ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਸਿਹਤ ਡਿਸਪੈਂਸਰੀ ਵਿੱਚ ਰਿਪੋਰਟ ਕਰੋ।
- ਬੁਖਾਰ ਹੋਣ ਦੀ ਸੂਰਤ ਵਿੱਚ ਆਈਬਿਊਪਰੋਫ਼ੈਨ/ਐਸਪਰੀਨ ਦੀ ਵਰਤੋਂ ਨਾ ਕਰੋ, ਪੈਰਾਸੀਟਾਮੋਲ ਦੀ ਵਰਤੋਂ ਕਰੋ। (ਪ੍ਰੈਸ ਨੋਟ)