ਚੰਡੀਗੜ੍ਹ: ਚੰਡੀਗੜ੍ਹ ਸੈਕਟਰ 34 ਵਿੱਚ ਇਲੈਕਟ੍ਰਿਕ ਵਾਹਨਾਂ ਦੀ ਪ੍ਰਦਰਸ਼ਨੀ ਚੱਲ ਰਹੀ ਹੈ। ਜਿਸਦੇ ਵਿਚ ਪੰਜਾਬ ਅਤੇ ਹਰਿਆਣਾ ਦੇ ਮੰਤਰੀ ਅਤੇ ਵਿਧਾਇਕ ਵੀ ਸ਼ਿਰਕਤ ਕਰ ਰਹੇ ਹਨ। ਬੀਤੇ ਦਿਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ਼ਿਰਕਤ ਕੀਤੀ ਸੀ ਅਤੇ ਅੱਜ ਸ਼ਨੀਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਚੰਡੀਗੜ੍ਹ ਪਹੁੰਚੇ। ਜਿਹਨਾਂ ਨੇ ਵੱਡੀਆਂ ਕੰਪਨੀਆਂ ਦੇ ਮਾਲਕਾਂ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਵਾਹਨਾਂ ਦੀ ਖਾਸੀਅਤ ਦਾ ਨਿਰੀਖਣ ਵੀ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਇੱਥੇ ਪਹੁੰਚੇ।
ਇਲੈਕਟ੍ਰੀਕਲ ਵਹੀਕਲਸ ਨੂੰ ਪ੍ਰੋਤਸਾਹਨ ਦੇਣ ਲਈ ਚੰਗਾ ੳੇੁਪਰਾਲਾ:-ਇਸ ਮੌਕੇ ਮੀਡੀਆ ਨਾਲ ਗੱਲਬਾਤ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਬਹੁਤ ਮਹੱਤਵਪੂਰਨ ਹੈ। ਇਲੈਕਟ੍ਰੀਕਲ ਵਹੀਕਲਸ ਨੂੰ ਪ੍ਰੋਤਸਾਹਨ ਦੇਣ ਲਈ ਇਹ ਇਕ ਚੰਗਾ ੳੇੁਪਰਾਲਾ ਹੈ। ਜਿਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਪ੍ਰਦੂਸ਼ਣ ਘੱਟ ਹੋਣ ਨਾਲ ਲੋਕਾਂ ਨੂੰ ਸਾਹ ਨਾਲ ਸਬੰਧਤ, ਦਮੇ ਦੀਆਂ ਅਤੇ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਵੀ ਸਿਹਤ ਤੇ ਬੁਰਾ ਅਸਰ ਨਹੀਂ ਪਾਉਣਗੀਆਂ।
ਪੰਜਾਬ ਵਿਚ ਇਲੈਕਟ੍ਰੀਕਲ ਵਹੀਕਲ ਹੱਬ ਬਣਾਉਣ ਦੀ ਤਿਆਰੀ:- ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਗੱਡੀਆਂ ਵਿੱਚ ਪੈਟਰੋਲ ਅਤੇ ਡੀਜ਼ਲ ਪਵਾਉਣ ਲਈ ਜੇਬ ਘੱਟ ਨਹੀਂ ਕਰਨੀ ਪਵੇਗੀ। ਬਲਕਿ ਇਕ ਵਾਰ ਬੈਟਰੀ ਚਾਰਜ ਕਰਕੇ ਕਈ ਕਿਲੋਮੀਟਰਾਂ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ। ਇਸ ਪ੍ਰਦਰਸ਼ਨੀ ਵਿਚ ਕਾਰਾਂ, ਮੋਟਰਸਾਈਕਲ ਸਕੂਟੀਆਂ ਹੀ ਨਹੀਂ ਬਲਕਿ ਇਲੈਕਟ੍ਰਿਕ ਬੱਸਾਂ ਵੀ ਸ਼ਾਮਿਲ ਹਨ। ਇਸ ਮੌਕੇ ਵੱਡਾ ਐਲਾਨ ਕਰਦਿਆਂ ਡਾ. ਨਿੱਝਰ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਇਲੈਕਟ੍ਰੀਕਲ ਵਹੀਕਲ ਹੱਬ ਬਣਾਉਣ ਦੀ ਤਿਆਰੀ ਕਰ ਰਹੇ ਹਾਂ। ਮੁਹਾਲੀ, ਖਰੜ ਅਤੇ ਜ਼ੀਰਕਪੁਰ ਵਿਚ ਇਲੈਕਟ੍ਰੀਕਲ ਬੱਸਾਂ ਚਲਾਉਣ ਬਾਰੇ ਸੋਚ ਰਹੇ ਹਾਂ।