ਚੰਡੀਗੜ੍ਹ: ਮਿਲਟਰੀ ਲਿਟਰੇਚਰ ਫ਼ੈਸਟੀਵਲ-2019 ਲੇਕ ਕਲੱਬ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਇਸ ਫ਼ੈਸਟੀਵਲ 'ਚ ਵਿਦਿਆਰਥੀਆਂ ਨੇ ਫ਼ੌਜੀ ਸਾਹਿਤ ,ਮਾਰਸ਼ਲ ਆਰਟ,ਕਰਤੱਬਾਂ, ਮਿਲਟਰੀ ਸਬੰਧੀ ਪੇਂਟਿੰਗ ਤੇ ਹਥਿਆਰਾਂ ਦੀ ਨੁਮਾਇਸ਼ ਤੇ ਕਲੈਰੀਅਨ ਥੀਏਟਰ ਆਦਿ ਰਾਹੀਂ ਫ਼ੌਜ ਦੇ ਵੱਖ-ਵੱਖ ਪੱਖਾਂ 'ਤੇ ਜਾਣਕਾਰੀ ਹਾਸਲ ਕੀਤੀ।
ਮਿਲਟਰੀ ਲਿਟਰੇਚਰ ਫੈਸਟੀਵਲ ਵਿੱਖੇ ਭਾਰਤੀ ਫ਼ੌਜ ਵੱਲੋਂ ਜੰਗ ਦੇ ਮੈਦਾਨਾਂ ਵਿੱਚ ਜਿੱਤ ਹਾਸਲ ਕਰਨ 'ਤੇ ਇੰਨ੍ਹਾਂ ਜਿੱਤਾਂ ਪਿੱਛੇ ਸ਼ਹੀਦ ਜਵਾਨਾਂ ਤੇ ਅਫਸਰਾਂ ਦੀ ਦੇਣ, ਉਨ੍ਹਾਂ ਦੀ ਬਹਾਦਰੀ ਦੇ ਕਿੱਸਿਆਂ ਦੀ ਤਰਜ਼ਮਾਨੀ ਕਰਦੀ 'ਮਿਲਟਰੀ ਆਰਟ ਤੇ ਪੇਂਟਿੰਗ' ਨੁਮਾਇਸ਼ ਵਿਚ ਤਿੰਨੋਂ ਦਿਨ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਆਮਦ ਰਹੀ। ਇਸ ਮੌਕੇ ਵੱਖ ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਪੋਸਟ ਕਾਰਡਾਂ ਤੇ ਪੇਂਟਿੰਗਜ਼ ਰਾਹੀਂ ਸ਼ਹੀਦ ਜਵਾਨਾਂ ਨੂੰ ਧੰਨਵਾਦੀ ਸੁਨੇਹਿਆਂ ਵਾਲੀਆਂ ਚਿੱਠੀਆਂ ਲਿਖੀਆਂ ਗਈਆਂ ਤੇ ਥਲ ਸੈਨਾ ਆਧਾਰਿਤ ਸੁੰਦਰ ਪੇਂਟਿੰਗਾਂ ਬਣਾਈਆਂ ਗਈਆਂ।ਇਸ ਪ੍ਰਦਰਸ਼ਨੀ ਵਿਚ ਫੌਜੀ ਪਿਛੋਕੜ ਵਾਲੇ ਇੰਜਨੀਅਰ ਨਰਿੰਦਰਪਾਲ ਸਿੰਘ ਵੱਲੋਂ ਰੱਖੇ ਪੁਰਾਣੇ ਅਤੇ ਦੁਰਲਭ ਤਗਮੇ ਵੀ ਖਿੱਚ ਦਾ ਕੇਂਦਰ ਰਹੇ। ਇਸ ਮਿਲਟਰੀ ਮੇਲੇ ਦਾ ਖਾਸ ਪੱਖ ਕਲੈਰੀਅਨ ਕਾਲ ਥੀਏਟਰ ਤੇ 'ਸੰਵਾਦ' ਪ੍ਰੋਗਰਾਮ ਰਿਹਾ।