ਚੰਡੀਗੜ੍ਹ: ਲੇਕ ਕਲੱਬ ਵਿਖੇ ਸ਼ੁਰੂ ਹੋਏ 'ਮਿਲਟਰੀ ਲਿਟਰੇਚਰ ਫੈਸਟੀਵਲ' ਦੇ ਪਹਿਲੇ ਦਿਨ ਮਾਹਰਾਂ ਵੱਲੋਂ 'ਦਿੱਲੀ ਫਤਿਹ‑ਬੰਦਾ ਸਿੰਘ ਬਹਾਦੁਰ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਜੰਗੀ ਇਤਿਹਾਸ' ਵਿਸ਼ੇ ਤੇ ਪੈਨਲ ਚਰਚਾ ਕੀਤੀ। ਇਸ ਚਰਚਾ ਦੀ ਸ਼ੁਰੂਆਤ ਪੰਜਾਬੀ ਲੇਖਿਕਾ ਬੱਬੂ ਤੀਰ ਨੇ ਕਰਵਾਈ ਅਤੇ ਇਸ ਵਿਚ ਲੈਫ: ਕਰਨਲ ਰਿਟਾ: ਜਸਜੀਤ ਸਿੰਘ ਗਿੱਲ, ਇਤਿਹਾਸਕਾਰ ਡਾ: ਅਮਨਪ੍ਰੀਤ ਸਿੰਘ ਗਿੱਲ ਅਤੇ ਪ੍ਰੋ: ਜਸਬੀਰ ਸਿੰਘ ਨੇ ਬਤੌਰ ਵਿਸ਼ਾ ਮਾਹਰ ਸ਼ਿਰਕਤ ਕੀਤੀ।
ਇਸ ਪੈਨਲ ਚਰਚਾ ਦੀ ਸ਼ੁਰੂਆਤ ਕਰਦਿਆਂ ਸਿੱਖਿਆ ਸ਼ਾਸਤਰੀ ਪ੍ਰੋ: ਜਸਬੀਰ ਸਿੰਘ ਨੇ 18ਵੀਂ ਸਦੀ ਦੇ ਇਤਿਹਾਸ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਦੌਰ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦੁਰ ਦੇ ਆਗਮਨ ਨਾਲ ਹੋਈ ਸੀ ਅਤੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਰਾਜ ਦੀ ਸਥਾਪਨਾ ਤੱਕ ਜਾਰੀ ਰਿਹਾ।
ਉਨ੍ਹਾਂ ਕਿਹਾ ਕਿ ਪੰਜਾਬੀ ਹਮੇਸਾਂ ਵਿਦੇਸ਼ੀ ਹਮਲਾਵਰਾਂ ਤੋਂ ਨਾਬਰ ਰਹੇ ਅਤੇ ਇਨ੍ਹਾਂ ਨੇ ਆਪਣੇ ਅਜਾਦਾਨਾ ਸੁਭਾਅ ਕਰਕੇ ਇਨ੍ਹਾਂ ਦਾ ਡੱਟ ਕੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਕਹਿਣਾ ਉਚਿਤ ਨਹੀਂ ਹੈ ਕਿ ਪੰਜਾਬ ਭਾਰਤ ਵਿਚ ਹਮਲਾਵਰਾਂ ਦੇ ਦਾਖ਼ਲੇ ਦਾ ਰਾਹ ਸੀ ਇਸ ਲਈ ਪੰਜਾਬੀਆਂ ਨੂੰ ਜੰਗਾਂ ਵੱਧ ਕਰਨੀਆਂ ਪਈਆਂ ਜਦ ਕਿ ਅਸਲ ਵਿਚ ਪੰਜਾਬੀਆਂ ਦਾ ਜੁਲਮ ਨਾ ਸਹਿਣ ਦਾ ਜਜ਼ਬਾ ਸੀ ਜਿਸ ਕਾਰਨ ਉਨ੍ਹਾਂ ਨੇ ਨਿੱਤ ਨਵੀਂਆਂ ਮੁਹਿੰਮਾਂ ਦਾ ਟਾਕਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਮਾਤ ਭੁਮੀ ਅਤੇ ਆਪਣੇ ਗੌਰਵ ਦੀ ਰਾਖੀ ਲਈ ਜ਼ਰਵਾਣਿਆਂ ਦਾ ਹਮੇਸ਼ਾ ਸਾਹਮਣਾ ਕੀਤਾ।