ਪੰਜਾਬ

punjab

ETV Bharat / state

ਸਰਹਿੰਦ ਫਤਿਹ ਦਿੱਲੀ ਫਤਿਹ ਤੋਂ ਵੀ ਮਹੱਤਵਪੂਰਨ ਇਤਿਹਾਸਕ ਘਟਨਾ: ਇਤਿਹਾਸਕਾਰ ਅਮਨਪ੍ਰੀਤ ਸਿੰਘ ਗਿੱਲ - ਜੰਗੀ ਇਤਿਹਾਸ

ਚੰਡੀਗੜ੍ਹ ਵਿਖੇ ਲੇਕ ਕਲੱਬ ਵਿਖੇ ਸ਼ੁਰੂ ਹੋਏ 'ਮਿਲਟਰੀ ਲਿਟਰੇਚਰ ਫੈਸਟੀਵਲ' ਦੇ ਪਹਿਲੇ ਦਿਨ ਮਾਹਰਾਂ ਵੱਲੋਂ 'ਦਿੱਲੀ ਫਤਿਹ‑ਬੰਦਾ ਸਿੰਘ ਬਹਾਦੁਰ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਜੰਗੀ ਇਤਿਹਾਸ' ਵਿਸ਼ੇ 'ਤੇ ਪੈਨਲ ਚਰਚਾ ਕੀਤੀ।

ਫ਼ੋਟੋ
ਫ਼ੋਟੋ

By

Published : Dec 13, 2019, 7:54 PM IST

ਚੰਡੀਗੜ੍ਹ: ਲੇਕ ਕਲੱਬ ਵਿਖੇ ਸ਼ੁਰੂ ਹੋਏ 'ਮਿਲਟਰੀ ਲਿਟਰੇਚਰ ਫੈਸਟੀਵਲ' ਦੇ ਪਹਿਲੇ ਦਿਨ ਮਾਹਰਾਂ ਵੱਲੋਂ 'ਦਿੱਲੀ ਫਤਿਹ‑ਬੰਦਾ ਸਿੰਘ ਬਹਾਦੁਰ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਜੰਗੀ ਇਤਿਹਾਸ' ਵਿਸ਼ੇ 'ਤੇ ਪੈਨਲ ਚਰਚਾ ਕੀਤੀ। ਇਸ ਚਰਚਾ ਦੀ ਸ਼ੁਰੂਆਤ ਪੰਜਾਬੀ ਲੇਖਿਕਾ ਬੱਬੂ ਤੀਰ ਨੇ ਕਰਵਾਈ ਅਤੇ ਇਸ ਵਿਚ ਲੈਫਟੀਨੈਂਟ ਕਰਨਲ ਰਿਟਾਇਡ ਜਸਜੀਤ ਸਿੰਘ ਗਿੱਲ, ਇਤਿਹਾਸਕਾਰ ਡਾ: ਅਮਨਪ੍ਰੀਤ ਸਿੰਘ ਗਿੱਲ ਅਤੇ ਪ੍ਰੋ: ਜਸਬੀਰ ਸਿੰਘ ਨੇ ਬਤੌਰ ਵਿਸ਼ਾ ਮਾਹਿਰ ਸ਼ਿਰਕਤ ਕੀਤੀ।

ਇਸ ਪੈਨਲ ਚਰਚਾ ਦੀ ਸ਼ੁਰੂਆਤ ਕਰਦਿਆਂ ਸਿੱਖਿਆ ਸ਼ਾਸਤਰੀ ਪ੍ਰੋ: ਜਸਬੀਰ ਸਿੰਘ ਨੇ 18ਵੀਂ ਸਦੀ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਦੌਰ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦੁਰ ਦੇ ਆਗਮਨ ਨਾਲ ਹੋਈ ਸੀ ਅਤੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਰਾਜ ਦੀ ਸਥਾਪਨਾ ਤੱਕ ਜਾਰੀ ਰਿਹਾ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਹਮੇਸਾਂ ਵਿਦੇਸ਼ੀ ਹਮਲਾਵਰਾਂ ਤੋਂ ਨਾਬਰ ਰਹੇ ਅਤੇ ਇੰਨ੍ਹਾਂ ਨੇ ਆਪਣੇ ਅਜਾਦਾਨਾ ਸੁਭਾਅ ਕਰਕੇ ਇੰਨ੍ਹਾਂ ਦਾ ਡੱਟ ਕੇ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਉਚਿਤ ਨਹੀਂ ਹੈ ਕਿ ਪੰਜਾਬ ਭਾਰਤ ਵਿਚ ਹਮਲਾਵਰਾਂ ਦੇ ਦਾਖਲੇ ਦਾ ਰਾਹ ਸੀ ਇਸ ਲਈ ਪੰਜਾਬੀਆਂ ਨੂੰ ਜੰਗਾਂ ਵੱਧ ਕਰਨੀਆਂ ਪਈਆਂ ਜਦ ਕਿ ਅਸਲ ਵਿਚ ਪੰਜਾਬੀਆਂ ਦਾ ਜ਼ੁਲਮ ਨਾ ਸਹਿਣ ਦਾ ਜਜ਼ਬਾ ਸੀ ਜਿਸ ਕਾਰਨ ਉਨ੍ਹਾਂ ਨੇ ਨਿੱਤ ਨਵੀਂਆਂ ਮੁਹਿੰਮਾਂ ਦਾ ਟਾਕਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਮਾਤ ਭੁਮੀ ਅਤੇ ਆਪਣੇ ਗੌਰਵ ਦੀ ਰਾਖੀ ਲਈ ਜ਼ਰਵਾਣਿਆਂ ਦਾ ਹਮੇਸਾ ਸਾਹਮਣਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਇਸ ਦੌਰ ਦੇ ਜੰਗੀ ਇਤਿਹਾਸ ਸਬੰਧੀ ਉਕਤ ਸਮੇਂ ਵਿਚ ਰਚੇ ਸਾਹਿਤ ਦੇ ਇਕ ਰੂਪ 'ਵਾਰ' ਅਤੇ 'ਜੰਗਨਾਮਿਆਂ' ਤੋਂ ਵੀ ਬਹੁਤ ਚੰਗੀ ਜਾਣਕਾਰੀ ਲਈ ਜਾ ਸਕਦੀ ਹੈ। ਪ੍ਰੋ: ਜਸਬੀਬ ਸਿੰਘ ਨੇ ਕਿਹਾ ਕਿ ਇਸ ਦੌਰ ਵਿਚ ਹਰ ਭਾਈਚਾਰੇ ਦੇ ਪੰਜਾਬੀ ਨੇ ਵਿਦੇਸ਼ੀ ਹਮਲਾਵਰਾਂ ਤੋਂ ਆਪਣੇ ਖਿੱਤੇ ਦੀ ਰਾਖੀ ਲਈ ਯੋਗਦਾਨ ਪਾਇਆ ਸੀ।

ਲੈਫ: ਕਰਨਲ ਰਿਟਾ: ਜਗਜੀਤ ਸਿੰਘ ਗਿੱਲ ਨੇ ਇਸ ਮੌਕੇ ਅਦੀਨਾ ਬੇਗ ਖਾਨ ਦੇ ਜੀਵਨ ਦਾ ਜਿਕਰ ਕਰਦਿਆਂ ਕਿਹਾ ਕਿ ਉਸ ਵੱਲੋਂ ਪੰਜਾਬ ਦਾ ਦੀਨਾਨਗਰ ਵਸਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਇਤਿਹਾਸ ਦਾ ਇਕ ਅਜਿਹਾ ਕਿਰਦਾਰ ਸੀ ਜੋ ਆਪਣੇ ਸਮੇਂ ਦੇ ਸਾਰੇ ਹੀ ਸੱਤਾਧਾਰੀਆਂ ਨਾਲ ਨੇੜਤਾ ਰੱਖਦਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਯੁਰਪੀ ਜਰਨੈਲਾਂ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਫੌਜ ਨੂੰ ਪੇਸੇਵਾਰਨਾ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਨ੍ਹਾਂ ਦੀ ਫੌਜ ਪੂਰੀ ਤਰਾਂ ਅਨੁਸ਼ਾਸਨਬੱਧ ਤੇ ਟਰੇਂਡ ਸੀ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਨੂੰ ਜੇਕਰ ਨਿਰਪੱਖਤਾ ਨਾਲ ਸਮਝਣਾ ਹੋਵੇ ਤਾਂ ਜਰੂਰੀ ਹੈ ਕਿ ਇਸਨੂੰ ਰਾਜਨੀਤੀ, ਧਰਮ ਅਤੇ ਮਿੱਥਾਂ ਤੋਂ ਮੁਕਤ ਹੋ ਕੇ ਸਮਝਿਆ ਜਾਵੇ।

ਇਤਿਹਾਸਕਾਰ ਡਾ: ਅਮਨਪ੍ਰੀਤ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਉਸ ਦੌਰ ਵਿਚ ਜੰਗ ਜਿੱਤਣ ਲਈ ਫੌਜੀ ਨਫਰੀ ਤੋਂ ਜਿਆਦਾ ਮਹੱਤਵਪੂਰਨ ਜੰਗ ਲੜਨ ਵਾਲੇ ਲੋਕਾਂ ਦੀ ਭਾਵਨਾ ਸੀ, ਕਿ ਉਨ੍ਹਾਂ ਵਿਚ ਗੁਲਾਮ ਹੋਣ ਤੋਂ ਬਚਣ ਦੀ ਕਿੰਨ੍ਹੀ ਇੱਛਾਸ਼ਕਤੀ ਹੈ। ਉਨ੍ਹਾਂ ਨੇ ਇਸ ਮੌਕੇ ਇਹ ਵੀ ਜੋਰ ਦੇ ਕੇ ਕਿਹਾ ਕਿ ਸਰਹਿੰਦ ਫਤਿਹ ਦਿੱਲੀ ਫਤਿਹ ਤੋਂ ਵੀ ਮਹੱਤਵਪੂਰਨ ਘਟਨਾ ਸੀ, ਕਿਉਂਕਿ ਦਿੱਲੀ ਫਤਿਹ ਸਮੇਂ ਤਾਂ ਮੁਗਲ ਸਲਤਨਤ ਪਹਿਲਾਂ ਹੀ ਢਹਿ ਢੇਰੀ ਹੋ ਚੁੱਕੀ ਸੀ ਪਰ ਬਾਬਾ ਬੰਦਾ ਸਿੰਘ ਬਹਾਦੁਰ ਵੱਲੋਂ ਕੀਤੀ ਸਰਹਿੰਦ ਫਤਿਹ ਮੌਕੇ ਮੁਗਲ ਸਲਤਨਤ ਦਾ ਝੰਡਾ ਬੁਲੰਦੀਆਂ ਤੇ ਸੀ ਅਤੇ ਕਿਸੇ ਨੇ ਅਜਿਹੀ ਕਲਪਨਾ ਵੀ ਨਹੀਂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਦੀ ਮੁਗਲਾਂ ਤੇ ਜਿੱਤ ਵਿਚ ਸਮਾਜ ਦੇ ਸਾਰੇ ਵਰਗਾਂ ਦਾ ਭਰਪੂਰ ਯੋਗਦਾਨ ਸੀ। ਉਨ੍ਹਾਂ ਨੇ ਕਿਹਾ ਕਿ ਬੰਦਾ ਸਿੰਘ ਬਹਾਦੁਰ ਨੇ ਸਮਾਜਿਕ ਅਤੇ ਜਮੀਨੀ ਸੁਧਾਰਾਂ ਰਾਹੀਂ ਸਮਾਜ ਦੇ ਹਰ ਵਰਗ ਦਾ ਦਿਲ ਜਿੱਤਿਆ ਸੀ। ਲੇਖਿਕਾ ਬੱਬੂ ਤੀਰ ਨੇ ਚਰਚਾ ਨੂੰ ਸੰਪਨਤਾ ਵੱਲ ਲੈ ਜਾਂਦਿਆਂ ਦਿੱਲੀ ਫਤਿਹ ਕਾਲ ਨਾਲ ਜੁੜੇ ਇਤਿਹਾਸ ਬਾਰੇ ਚਰਚਾ ਕੀਤੀ।

ABOUT THE AUTHOR

...view details