ਚੰਡੀਗੜ੍ਹ: ਸਿਵਲ ਸਰਜਨ ਡਾਕਟਰ ਜਸਮੀਤ ਬਾਵਾ ਦੀ ਰਹਿਨੁਮਾਈ ਹੇਠਾਂ ਕੋਰੋਨਾ ਵਾਇਰਸ ਦੀ ਜ਼ਿਲ੍ਹੇ ਵਿੱਚ ਸਥਿਤੀ ਨੂੰ ਲੈ ਕੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਅਤੇ ਜ਼ਿਲ੍ਹਾ ਰੈਪਿਡ ਰਿਸਪਾਂਸ ਟੀਮ ਨਾਲ ਦੀ ਇੱਕ ਮੀਟਿੰਗ ਕੀਤੀ ਗਈ। ਉਨ੍ਹਾਂ ਸਟਾਫ ਨੂੰ ਆਈਸੋਲੇਸ਼ਨ ਵਾਰਡ ਦੇ ਸਾਰੇ ਇੰਤਜ਼ਾਮ ਜਿਵੇਂ ਕਿ ਲਾਜਿਸਟਿਕਸ, ਸਟਾਫ ਡਿਊਟੀ ਦਾ ਰੋਸਟਰ, ਸਟਾਫ ਵੱਲੋਂ ਕੀਤੇ ਜਾ ਰਹੇ ਕੰਮ ਦੀ ਦੇਖ ਰੇਖ ਸੰਬੰਧੀ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਨੂੰ ਦੇਣ ਲਈ ਕਿਹਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਵੇਂ ਕਿ ਸਟਾਫ ਦੀ ਘਾਟ, ਸਮਾਨ ਦੀ ਕਮੀ ਅਤੇ ਸਟਾਕ ਦੀ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਨੂੰ ਸਿੱਧੇ ਤੌਰ ਤੇ ਦਿੱਤੀ ਜਾਵੇ। ਉਨ੍ਹਾਂ ਇਹ ਵੀ ਹਦਾਇਤ ਦਿੱਤੀ ਕਿ ਆਈਸੋਲੇਸ਼ਨ ਵਾਰਡ ਵਿੱਚ ਕੰਮ ਕਰ ਰਿਹਾ ਸਟਾਫ ਬਿਨ੍ਹਾਂ ਪ੍ਰੋਟੈਕਟਿਵ ਗਿਅਰ ਤੋਂ ਆਈਸੋਲੇਸ਼ਨ ਵਾਰਡ ਦੇ ਗੇਟ ਤੇ ਪ੍ਰਵੇਸ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਆਈਸੋਲੇਸ਼ਨ ਵਾਰਡ ਵਿੱਚ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਣ।