ਚੰਡੀਗੜ੍ਹ:ਪ੍ਰਧਾਨ ਮੰਤਰੀ ਨਰੇਂਦਰ ਮੋਦੀ 30 ਦਸੰਬਰ ਨੂੰ ਪੰਜ ਨਵੀਆਂ ਵੰਦੇ ਭਾਰਤ ਟਰੇਨਾਂ ਲਾਂਚ ਕਰਨ ਜਾ ਰਹੇ ਹਨ। ਉਹ ਅਯੁੱਧਿਆ ਸਟੇਸ਼ਨ ਤੋਂ ਹੀ ਇਨ੍ਹਾਂ ਟਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ। ਇਸ ਵਿਚ ਕੋਇੰਬਟੂਰ-ਬੈਂਗਲੁਰੂ ਵੰਦੇ ਭਾਰਤ ਟਰੇਨ ਵੀ ਹੈ। ਮੰਗਲੌਰ ਅਤੇ ਮਰਗਾਓ (ਗੋਆ) ਦੇ ਵਿਚਕਾਰ ਵੀ ਇੱਕ ਟਰੇਨ ਚੱਲੇਗੀ। ਇਸ ਤੋਂ ਇਲਾਵਾ ਅਯੁੱਧਿਆ-ਆਨੰਦ ਵਿਹਾਰ, ਕਟੜਾ-ਨਵੀਂ ਦਿੱਲੀ ਵੰਦੇ ਭਾਰਤ, ਨਵੀਂ ਦਿੱਲੀ-ਅੰਮ੍ਰਿਤਸਰ ਅਤੇ ਮੁੰਬਈ-ਜਾਲਨਾ ਵੰਦੇ ਭਾਰਤ ਵੀ ਇਸ ਸੂਚੀ ਵਿੱਚ ਸ਼ਾਮਲ ਹਨ।
ਜਲੰਧਰ ਨੂੰ ਸੌਗਾਤ:ਦੱਸ ਦਈਏ ਭਲਕੇ ਤੋਂ ਸ਼ੁਰੂ ਹੋਣ ਵਾਲੀ ਇਸ ਵੰਦੇ ਭਾਰਤ ਰੇਲ ਸੇਵਾ ਜੋ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਚਲਣੀ ਹੈ ਇਸ ਵਿੱਚ ਪਹਿਲਾਂ ਜਲੰਧਰ ਦੇ ਰੇਲਵੇ ਸਟੇਸ਼ਨ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਪਰ ਬਾਅਦ ਵਿੱਚ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਨੇ ਪਹਿਲਾਂ ਸੰਸਦ ਵਿੱਚ ਅਵਾਜ਼ ਚੁੱਕੀ ਅਤੇ ਫਿਰ ਰੇਲ ਮੰਤਰੀ ਨੂੰ ਮਿਲ ਕੇ ਅਪੀਲ ਕੀਤੀ ਜਿਸ ਤੋਂ ਬਾਅਦ ਹੁਣ ਜਲੰਧਰ ਵਿੱਚ ਵੀ ਇਸ ਰੇਲ ਨੂੰ ਸਟੋਪੇਜ ਮਿਲ ਗਿਆ ਹੈ।
ਹੁਣ ਬਿਆਸ ਵੀ ਰੁਕੇਗੀ ਟ੍ਰੇਨ:ਦੱਸ ਦਈਏ ਇਸ ਟਰੇਨ ਦੇ ਰੂਟ ਮੁਤਾਬਿਕ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਅੰਬਾਲਾ ਅਤੇ ਫਿਰ ਨਵੀਂ ਦਿੱਲੀ ਵਿੱਚ ਇਸ ਦਾ ਸਟਾਪੇਜ ਸੀ ਪਰ ਹੁਣ ਹੁਣ ਵੱਡੇ ਸਟੇਸ਼ਨ ਵਜੋਂ ਜਾਣਿਆ ਜਾਂਦੇ ਬਿਆਸ ਸਟੇਸ਼ਨ ਦਾ ਠਹਿਰਾਓ ਵੀ ਨਿਰਧਾਰਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਿਆਸ ਰੇਲਵੇ ਸਟੇਸ਼ਨ ਦੇ ਨਜਦੀਕ ਵਿਸ਼ਵ ਪ੍ਰਸਿੱਧ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਹੈ ਜਿੱਥੇ ਕਿ ਹਰ ਸਾਲ ਲੱਖਾਂ ਸ਼ਰਧਾਲੂ ਭੰਡਾਰਿਆਂ ਦੇ ਮੌਕੇ ਦੇਸ਼ ਵਿਦੇਸ਼ ਤੋਂ ਆਉਂਦੇ ਹਨ। ਇਸ ਦੇ ਨਾਲ ਹੀ 6 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਿੱਖਾਂ ਦਾ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ ਸਥਿਤ ਹੈ ਜਿੱਥੇ ਦੁਨੀਆਂ ਭਰ ਤੋਂ ਆਸਥਾ ਦੇ ਨਾਲ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਹਨ।
ਲੋਕਾਂ ਵਿੱਚ ਖੁਸ਼ੀ ਦੀ ਲਹਿਰ:ਵੰਦੇ ਭਾਰਤ ਐਕਸਪ੍ਰੈਸ ਦਾ ਬਿਆਸ ਵਿੱਚ ਠਹਿਰਾਓ ਨਿਰਧਾਰਤ ਹੋਣ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਸ ਦੇ ਚਲਦਿਆਂ ਅੱਜ ਲੋਕਾਂ ਵੱਲੋਂ ਬਿਆਸ ਰੇਲਵੇ ਸਟੇਸ਼ਨ ਪਹੁੰਚ ਕੇ ਮਠਿਆਈਆਂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਬਿਆਸ ਵਿੱਚ ਇਸ ਰੇਲ ਗੱਡੀ ਦੇ ਠਹਿਰਾਓ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ 30 ਦਸੰਬਰ ਨੂੰ ਬਿਆਸ ਰੇਲਵੇ ਸਟੇਸ਼ਨ ਉੱਤੇ ਹੋ ਰਹੇ ਵੱਡੇ ਪ੍ਰੋਗਰਾਮ ਦੇ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਦੇਖਣ ਨੂੰ ਮਿਲੀਆਂ ਅਤੇ ਇਸ ਪ੍ਰੋਗਰਾਮ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਵੀ ਨਜ਼ਰ ਆਇਆ।