ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੂੰ ਅਸਤੀਫ਼ਾ ਭੇਜ ਦਿੱਤਾ ਹੈ ਅਤੇ ਮਨਪ੍ਰੀਤ ਬਾਦਲ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਸ ਤੋਂ ਪਹਿਲਾਂ ਲਗਾਤਾਰ ਮਨਪ੍ਰੀਤ ਬਾਦਲ ਦੇ ਕਾਂਗਰਸ ਪਾਰਟੀ ਨੂੰ ਛੱਡਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ। ਦੱਸ ਦਈਏ ਕਿ 29 ਜਨਵਰੀ ਨੂੰ ਪਟਿਆਲਾ ਵਿੱਚ ਭਾਜਪਾ ਵੱਲੋਂ ਰੈਲੀ ਕੀਤੀ ਜਾਵੇਗੀ।
ਮਨਪ੍ਰੀਤ ਬਾਦਲ ਭਾਜਪਾ 'ਚ ਸ਼ਾਮਲ:ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਦਿੱਲੀ ਭਾਜਪਾ ਹੈਡ ਕੁਆਟਰ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਹੈ। ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਅਮਿਤ ਸ਼ਾਹ ਪੰਜਾਬ ਲਈ ਕਾਫੀ ਫਿਕਰਮੰਦ ਹਨ। ਭਾਜਪਾ ਨੇ ਮੈਨੂੰ ਆਪਣੀਆਂ ਪਲਕਾਂ ਉੱਤੇ ਬਿਠਾਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਵਕਾਰ ਮੁੜ ਬਹਾਲ ਕਰਾਂਗੇ।
ਧੜੇਬੰਦੀ ਤੋਂ ਪਰੇਸ਼ਾਨੀ:ਅਸਤੀਫ਼ੇ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਅਸਤੀਫ਼ਾ ਦੇਣ ਲੱਗੇ ਬਹੁਤ ਉਦਾਸ ਹਨ। ਮਨਪ੍ਰੀਤ ਨੇ ਕਿਹਾ ਕਿ ਜਿਸ ਸਮੇਂ ਉਹ ਕਾਂਗਰਸ ਵਿਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਬਹੁਤ ਉਮੀਦਾਂ ਸਨ ਪਰ ਕਾਂਗਰਸ ਦੀ ਕਮਾਨ ਉਨ੍ਹਾਂ ਲੋਕਾਂ ਦੇ ਹੱਥ ਦਿੱਤੀ ਗਈ ਹੈ, ਜਿਨ੍ਹਾਂ ਨੇ ਕਾਂਗਰਸ ਵਿਚ ਧੜੇਵੰਦੀ ਹੋਰ ਵਧਾਈ ਹੈ।
ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ: ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਸਿਆਸੀ ਜੀਵਨ 1995 ਵਿੱਚ ਸ਼ੁਰੂ ਹੋਇਆ ਜਦੋਂ ਮਨਪ੍ਰੀਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਗਿੱਦੜਬਾਹਾ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ, ਜਿਸ ਵਿੱਚ ਉਹ ਕਾਮਯਾਬ ਰਹੇ। 1997, 2002 ਅਤੇ 2007 ਵਿੱਚ ਉਹ ਫੇਰ ਜੇਤੂ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਂ ਪਾਰਟੀ ਵਿੱਚ ਖ਼ਜ਼ਾਨਾ ਮੰਤਰੀ ਵੀ ਰਹੇ। ਦੱਸ ਦਈਏ 2007 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੂੰ ਖ਼ਜ਼ਾਨਾ ਮੰਤਰੀ ਦਾ ਅਹੁਦਾ ਦਿੱਤਾ, ਪਰ ਅਕਤੂਬਰ 2010 ਵਿੱਚ ਆਪਸੀ ਮਤਭੇਦ ਦੇ ਕਾਰਨ ਮਨਪ੍ਰੀਤ ਨੂੰ ਵਜ਼ਾਰਤ ਤੋਂ ਖ਼ਾਰਜ ਕਰ ਦਿੱਤਾ ਗਿਆ।