ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਦਿਆਂ ਸਰਕਾਰੀ ਸਕੂਲਾਂ ਵਿੱਚ ਖਰਾਬ ਪਈਆਂ ਵਸਤਾਂ ਦੀ ਥਾਂ ਨਵੀਂਆਂ ਵਸਤਾਂ ਦੀ ਖਰੀਦ ਲਈ 45.66 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਹ ਜਾਣਕਾਰੀ ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ। ਬੈਂਸ ਨੇ ਦੱਸਿਆ ਕਿ ਇਹ ਰਾਸ਼ੀ ਸੂਬੇ ਦੇ ਸਰਕਾਰੀ ਐਲੀਮੈਂਟਰੀ (ਪ੍ਰਾਇਮਰੀ ਅਤੇ ਮਿਡਲ) ਅਤੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਜਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਰਾਸ਼ੀ ਨਾਲ ਸਕੂਲਾਂ ਵਿੱਚ ਖਰਾਬ ਹੋ ਚੁੱਕੇ ਸਾਜੋ-ਸਮਾਨ ਦੀ ਥਾਂ ‘ਤੇ ਨਵੇਂ ਦੀ ਖਰੀਦ ਕੀਤੀ ਜਾਣੀ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਖੇਡਾਂ ਦਾ ਸਾਜੋ-ਸਾਮਨ, ਪ੍ਰਯੋਗਸ਼ਾਲਾ ਦੇ ਉਪਕਰਨ ਅਤੇ ਲੋੜੀਂਦੀ ਟੀਚਿੰਗ ਸਹਾਇਕ ਸਮੱਗਰੀ ਦੀ ਖਰੀਦ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਰਾਸ਼ੀ ਦੀ ਵਰਤੋਂ ਬੁਨਿਆਦੀ ਢਾਂਚੇ ਜਿਹਨਾਂ ਵਿੱਚ ਕਲਾਸ ਰੂਮ, ਲਾਇਬਰੇਰੀ, ਲੈਬ, ਪਖਾਨੇ ਅਤੇ ਹੋਰ ਦੀ ਸਾਂਭ-ਸੰਭਾਲ ਕਰਨਾ ਵੀ ਸ਼ਾਮਲ ਹੈ।