ਚੰਡੀਗੜ੍ਹ/ਨਵੀਂ ਦਿੱਲੀ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਚੁੱਕੀਆਂ ਹਨ। ਜਿਸ ਨੂੰ ਲੈਕੇ ਹਰ ਇੱਕ ਵਲੋਂ ਆਪਣੇ ਲੀਡਰਾਂ ਨਾਲ ਬੈਠਕਾਂ ਤੇ ਰਣਨੀਤੀ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਕਾਂਗਰਸ ਵਲੋਂ ਵੀ ਲੋਕ ਸਭਾ ਚੋਣਾਂ 2024 ਨੂੰ ਲੈਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਚੱਲਦੇ ਕੇਂਦਰੀ ਲੀਡਰਸ਼ਿਪ 'ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਮੰਗਲਵਾਰ ਨੂੰ ਪੰਜਾਬ ਸਣੇ ਬਿਹਾਰ, ਜੰਮੂ-ਕਸ਼ਮੀਰ ਅਤੇ ਲੱਦਾਖ ਕਾਂਗਰਸ ਦੇ ਲੀਡਰਾਂ ਨਾਲ ਵੱਖ-ਵੱਖ ਰਣਨੀਤਕ ਬੈਠਕਾਂ ਕੀਤੀਆਂ ਗਈਆਂ।
ਪੰਜਾਬ ਲੀਡਰਾਂ ਨਾਲ ਦੋ ਘੰਟੇ ਚੱਲੀ ਬੈਠਕ:ਇੰਨ੍ਹਾਂ ’ਚ ਸੂਬਾਈ ਸੰਗਠਨਾਂ ਦੀਆਂ ਚੋਣਾਂ ਸਬੰਧੀ ਤਿਆਰੀਆਂ ਨੂੰ ਲੈ ਕੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਪੰਜਾਬ ਨਾਲ ਲੱਗਭਗ ਦੋ ਘੰਟੇ ਇਹ ਬੈਠਕ ਚੱਲੀ। ਇਸ 'ਚ ਖਾਸ ਗੱਲ ਇਹ ਰਹੀ ਕਿ ਇੰਡੀਆ ਗੱਠਜੋੜ ਨੂੰ ਲੈਕੇ ਆਮ ਆਦਮੀ ਪਾਰਟੀ ਨਾਲ ਸੀਟ ਸ਼ੇਅਰਿੰਗ ਨੂੰ ਲੈਕੇ ਕੋਈ ਚਰਚਾ ਨਹੀਂ ਹੋਈ ਦੱਸੀ ਜਾ ਰਹੀ ਹੈ। ਕਾਂਗਰਸ ਦੀਆਂ ਇਨ੍ਹਾਂ ਚਾਰ ਸੂਬਿਆਂ ਨਾਲ ਨਾਲ ਜੁੜੀਆਂ ਇਹ ਅਹਿਮ ਰਣਨੀਤਕ ਬੈਠਕਾਂ ਇੱਥੇ ਪਾਰਟੀ ਹੈੱਡਕੁਆਰਟਰ ’ਚ ਹੋਈਆਂ, ਜਿਸ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਸਬੰਧਤ ਸੂਬਿਆਂ ਦੇ ਇੰਚਾਰਜ ਜਨਰਲ ਸਕੱਤਰਾਂ ਦੇ ਨਾਲ-ਨਾਲ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨੇ ਸ਼ਮੂਲੀਅਤ ਕੀਤੀ।
ਪੰਜਾਬ ਦੇ ਇਹ ਦਿੱਗਜ ਰਹੇ ਹਾਜ਼ਰ: ਇਸ 'ਚ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਰਾਣਾ ਗੁਰਜੀਤ ਸਿੰਘ, ਡਾ. ਰਾਜ ਕੁਮਾਰ ਚੱਬੇਵਾਲ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਪ੍ਰਗਟ ਸਿੰਘ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ,ਗੁਰਜੀਤ ਸਿੰਘ ਔਜਲਾ, ਮੁਨੀਸ਼ ਤਿਵਾੜੀ, ਅੰਬਿਕਾ ਸੋਨੀ, ਕੈਪਟਨ ਸੰਦੀਪ ਸੰਧੂ ਸਣੇ ਕਈ ਲੀਡਰ ਮੌਜੂਦ ਰਹੇ।