ਫਾਜ਼ਿਲਕਾ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਸੂਬੇ ਦੀ ਪੁਲਿਸ ਨੂੰ ਸਖ਼ਤੀ ਕਰਨ ਦੇ ਹੁਕਮ ਦਿੱਤੇ ਗਏ ਹਨ। ਜਿਸ ਦੇ ਚੱਲਦੇ ਜਿਥੇ ਭਾਰਤੀ ਫੌਜ ਗੁਆਂਢੀ ਮੁਲਕ ਪਾਕਿਸਤਾਨ ਤੋਂ ਹੋਣ ਵਾਲੀ ਨਸ਼ਾ ਤਸਕਰੀ ਜਾਂ ਹੋਰ ਗਤੀਵਿਧੀ ਨੂੰ ਰੋਕ ਰਹੀ ਹੈ ਤਾਂ ਉਥੇ ਹੀ ਪੰਜਾਬ ਪੁਲਿਸ ਵਲੋਂ ਵੀ ਨਸ਼ਾ ਤਸਕਰੀ ਨੂੰ ਰੋਕਣ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ।
ਚਾਰ ਕਿਲੋ ਹੈਰੋਇਨ ਨਾਲ ਤਿੰਨ ਕਾਬੂ: ਇਸ ਦੇ ਚੱਲਦਿਆਂ ਫਾਜ਼ਿਲਕਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਫਾਜ਼ਿਲਕਾ ਪੁਲਿਸ ਵਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵਲੋਂ ਇੰਨ੍ਹਾਂ ਤਿੰਨ ਵਿਅਕਤੀਆਂ ਦੇ ਕੋਲੋਂ ਚਾਰ ਕਿਲੋ ਇੱਕ ਸੋ ਪਚਵੰਜੇ ਗ੍ਰਾਮ (4,155 ਕਿਲੋਗ੍ਰਾਮ) ਹੈਰੋਇਨ ਬਰਾਮਦ ਕੀਤੀ ਗਈ। ਜਿਸ ਸਬੰਧੀ ਖੁਦ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾਣਕਾਰੀ ਦਿੱਤੀ ਗਈ।
ਜਲਾਲਾਬਾਦ ਵਿੱਚ ਐਨਡੀਪੀਐਸ ਤਹਿਤ ਕੇਸ ਦਰਜ: ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਜਲਾਲਾਬਾਦ ਵਿੱਚ ਐਨਡੀਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਅਗਾਂਹ-ਵਧੂ ਸਬੰਧਾਂ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਕੀਤੀ ਸੀ ਮੀਟਿੰਗ: ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੀ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ। ਜਿਸ 'ਚ ਸਾਰੇ ਜ਼ਿਲ੍ਹਿਆਂ ਦੇ CP ਅਤੇ SSP ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਮਾਨ ਦੇ ਹਦਾਇਤ ਕੀਤੀ ਸੀ ਕਿ ਨਸ਼ਾ ਤਸਕਰੀ ਖਿਲਾਫ਼ ਜ਼ੀਰੋ ਟਾਲਰੈਂਸ ਨੀਤੀ ਵਰਤੀ ਜਾਵੇਗੀ। ਇਸ ਦੌਰਾਨ ਜਿਥੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇਗਾ ਤਾਂ ਉਥੇ ਹੀ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਉਨ੍ਹਾਂ ਦੀ ਜ਼ਾਇਦਾਦਾਂ ਨੂੰ ਵੀ ਸੀਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਹਦਾਇਤ ਕੀਤੀ ਸੀ ਕਿ ਨਸ਼ੇ ਨਾਲ ਸਬੰਧਿਤ ਜੇ ਕਿਸੇ ਅਫ਼ਸਰ ਜਾਂ ਹੋਰ ਅਧਿਕਾਰੀ ਦੇ ਕੁਨੈਕਸ਼ਨ ਵੀ ਮਿਲਦੇ ਤਾਂ ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।