ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ’ਚ ਨਵੀਂ ਬਣਾਈ ਗਈ ਸਿੱਟ (SIT) ਵੱਲੋਂ ਵੱਡੀ ਕਾਰਵਾਈ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੇਅਦਬੀ ਮਾਮਲੇ ’ਚ ਨਾਮਜ਼ਦ ਕੀਤੇ ਗਏ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਰੀਬ 6 ਸਾਲ ਪਹਿਲਾਂ ਫਰੀਦਕੋਟ ਜਿਲ੍ਹੇ ਦੇ ਕਸਬਾ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ SIT ਮੁੜ ਤੋਂ ਸਰਗਰਮ ਹੁੰਦੀ ਨਜਰ ਆ ਰਹੀ ਹੈ।
6 ਆਰੋਪੀਆਂ ਨੂੰ ਮੁੜ ਨਵੀਂ ਐੱਸਆਈਟੀ (SIT) ਵੱਲੋਂ ਲਿਆ ਗਿਆ ਹਿਰਾਸਤ ’ਚ
IG ਬਾਰਡਰ ਰੇਂਜ ਐੱਸਪੀਐੱਸ ਪਰਮਾਰ ਵਲੋਂ DIG ਰਣਬੀਰ ਸਿੰਘ ਖਟੜਾ ਤੋਂ ਬਾਅਦ ਇਸ ਟੀਮ ਦੀ ਕਮਾਂਡ ਸੰਭਾਲਣ ਤੋਂ ਬਾਅਦ ਵੱਡੀ ਕਾਰਵਾਈ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 6 ਕਥਿਤ ਦੋਸ਼ੀਆਂ , ਸੁਖਜਿੰਦਰ ਸਿੰਘ ਉਰਫ ਸਨੀ, ਬਲਜੀਤ ਸਿੰਘ ਵਾਸੀ ਸਿੱਖਾਂ ਵਾਲਾ, ਸ਼ਕਤੀ ਸਿੰਘ ਵਾਸੀ ਡੱਗੋ ਰੋਮਾਣਾ, ਰਣਜੀਤ ਸਿੰਘ ਵਾਸੀ ਕੋਟਕਪੂਰਾ ਨਿਸ਼ਾਨ ਸਿੰਘ ਵਾਸੀ ਕੋਟਕਪੂਰਾ ਅਤੇ ਪ੍ਰਦੀਪ ਕੁਮਾਰ ਉਰਫ ਰਾਜੂ ਦੋਧੀ ਆਦਰਸ਼ ਨਗਰ ਕੋਟਕਪੂਰਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਤੋਂ ਪਹਿਲਾਂ ਇਨ੍ਹਾਂ ਸਾਰੇ ਆਰੋਪੀਆਂ ਨੂੰ ਸਾਲ 2020 ’ਚ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ’ਚ ਬਣਾਈ ਗਈ ਐੱਸਆਈਟੀ (SIT) ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ’ਚ ਪਾਵਨ ਸਰੂਪ ਚੋਰੀ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।