ਚੰਡੀਗੜ੍ਹ :ਡਰੱਗ ਮਾਮਲੇ 'ਚ SIT ਵੱਲੋਂ ਅਕਾਲੀ ਆਗੂ ਬਿਕਰਮ ਮਜੀਠੀਆ ਬੀਤੇ ਦਿਨ ਪਟਿਆਲਾ ਵਿਖੇ ਪੇਸ਼ੀ ਭੁਗਤਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਐਸ.ਆਈ.ਟੀ ਦੇ ਅੱਗੇ ਪੇਸ਼ ਹੋਣਗੇ। ਮਜੀਠੀਆ ਦੀ ਇਹ ਪੇਸ਼ੀ 27 ਦਸੰਬਰ ਨੂੰ ਹੋਵੇਗੀ। ਜਿਥੇ ਉਹਨਾਂ ਨੂੰ ਵਿਸ਼ੇਸ਼ ਜਾਂਚ ਕਮੇਟੀ (SIT) ਵੱਲੋਂ ਪੁਛਗਿੱਛ ਕੀਤੀ ਜਾਵੇਗੀ । ਜਾਣਕਾਰੀ ਮੁਤਾਬਿਕ SIT ਅੱਗੇ ਮਜੀਠੀਆ ਦੀ ਇਹ ਆਖਰੀ ਮੁਲਾਕਾਤ ਹੋ ਸਕਦੀ ਹੈ। ਇਸ ਤੋਂ ਬਾਅਦ ਐਸਆਈਟੀ ਮੁਖੀ ਏਡੀਜੀਪੀ ਐਮਐਸ ਛੀਨਾ ਸੇਵਾਮੁਕਤ ਹੋ ਜਾਣਗੇ। ਉਸ ਤੋਂ ਇੱਕ ਦਿਨ ਪਹਿਲਾਂ ਭਾਵ ਸੋਮਵਾਰ ਨੂੰ ਹੀ ਪਟਿਆਲਾ ਵਿੱਚ ਪੁੱਛਗਿੱਛ ਕੀਤੀ ਗਈ ਸੀ।
ਸੱਤ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ :ਦੱਸਣਯੋਗ ਹੈ ਕਿ ਏਡੀਜੀਪੀ ਐਮਐਸ ਛੀਨਾ ਦੀ ਅਗਵਾਈ ਵਾਲੀ ਐਸਆਈਟੀ ਨੇ ਸੋਮਵਾਰ ਨੂੰ ਮਜੀਠੀਆ ਤੋਂ ਸੱਤ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਇਹ ਪੁੱਛਗਿੱਛ ਪਟਿਆਲਾ ਦੇ ਏਡੀਜੀਪੀ ਜਗਦੀਸ਼ ਭੋਲਾ ਦੇ ਦਫ਼ਤਰ ਵਿੱਚ ਕਰੋੜਾਂ ਰੁਪਏ ਦੇ ਡਰੱਗ ਗਠਜੋੜ ਵਿੱਚ ਨਾਮਜ਼ਦ ਵਿਅਕਤੀਆਂ ਨਾਲ ਸਬੰਧਾਂ ਦੇ ਸਬੰਧ ਵਿੱਚ ਕੀਤੀ ਗਈ ਸੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮਜੀਠੀਆ ਨੂੰ ਵਿਸ਼ੇਸ਼ ਤੌਰ 'ਤੇ ਵਿੱਤੀ ਲੈਣ-ਦੇਣ ਬਾਰੇ ਪੁੱਛਿਆ ਗਿਆ ਸੀ। ਐਸਆਈਟੀ ਨੇ ਲੈਣ-ਦੇਣ 'ਤੇ ਧਿਆਨ ਕੇਂਦਰਿਤ ਕੀਤਾ ਸੀ।
ਸਿਆਸੀ ਕਿੜ ਕੱਢ ਰਰਹੇ ਮੁੱਖ ਮੰਤਰੀ ਮਾਨ : ਨਸ਼ਾ ਤਸਕਰੀ ਸਬੰਧੀ ਦੋ ਸਾਲ ਪਹਿਲਾਂ ਦਰਜ ਹੋਏ ਇੱਕ ਕੇਸ ਦਾ ਸਾਹਮਣਾ ਕਰ ਰਹੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਅੱਜ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ‘ਸਪੈਸ਼ਲ ਇਨਵੈਸਟੀਗੇਸ਼ਨ ਟੀਮ’ (SIT) ਵੱਲੋਂ ਇੱਥੇ ਆਈਜੀ ਦਫਤਰ ਵਿੱਚ ਲਗਾਤਾਰ ਸੱਤ ਘੰਟੇ ਪੁੱਛ-ਪੜਤਾਲ ਕੀਤੀ ਗਈ। ਸੂਤਰਾਂ ਮੁਤਾਬਕ ਮੀਜੀਠੀਆ ਕੋਲੋਂ 43 ਮੁੱਖ ਸਵਾਲਾਂ ਤੋਂ ਇਲਾਵਾ ਕੁਝ ਹੋਰ ਸਵਾਲ ਵੀ ਪੁੱਛੇ ਗਏ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਉਹ ਪਿੱਛੇ ਨਹੀਂ ਹਟਣਗੇ।
ਹੁਣ ਆਰ-ਪਾਰ ਦੀ ਲੜਾਈ ਲੜਨਗੇ:ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਮੂੰਹ ਬੰਦ ਕਰਵਾਉਣ ਦਾ ਇੱਕੋ-ਇੱਕ ਰਸਤਾ ਜੇਲ੍ਹ ਵਿੱਚ ਭੇਜਣਾ ਹੈ। ਪਰ ਭਗਵੰਤ ਮਾਨ ਉਨ੍ਹਾਂ ਨੂੰ ਜੇਲ੍ਹ ’ਚ ਵੀ ਬਹੁਤਾ ਚਿਰ ਨਹੀਂ ਰੱਖ ਸਕਣਗੇ ਕਿਉਂਕਿ ਕਾਨੂੰਨ ਅਤੇ ਪ੍ਰਮਾਤਮਾ ਨਾਮ ਦੀ ਵੀ ਕੋਈ ਚੀਜ਼ ਹੈ, ਜਿਨ੍ਹਾਂ ’ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ। ਅਕਾਲੀ ਆਗੂ ਨੇ ਕਿਹਾ ਕਿ ਉਹ ਹੁਣ ਆਰ-ਪਾਰ ਦੀ ਲੜਾਈ ਲੜਨਗੇ। ਇਸ ਕੇਸ ਨੂੰ ਸਿਆਸੀ ਕਿੜ ਦਾ ਨਾਮ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਅਸਲ ’ਚ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਧੀ ਦੇ ਹੱੱਕ ’ਚ ਬੋਲਣਾ ਪਸੰਦ ਨਹੀਂ ਆਇਆ ਤੇ ਅਗਲੇ ਦਿਨ ਹੀ ਸੰਮਨ ਭਿਜਵਾ ਦਿੱਤੇ। ਉਨ੍ਹਾਂ ਕਿਹਾ ਕਿ ਇਹ ਉਹੀ ਕੇਸ ਹੈ, ਜਿਸ ਸਬੰਧੀ ਕੇਜਰੀਵਾਲ ਉਨ੍ਹਾਂ ਕੋਲੋਂ ਮੁਆਫੀ ਮੰਗ ਚੁੱਕੇ ਹਨ। ਫਿਰ ਇਹ ਕੇਸ ਮੁੜ ਤੋਂ ਸ਼ੁਰੂ ਕਰਨਾ ਵੱਡੀ ਗਲਤੀ ਹੈ।
20 ਦਸੰਬਰ 2021 ਨੂੰ ਦਰਜ ਕੀਤਾ ਗਿਆ ਸੀ ਮਾਮਲਾ :ਬਿਕਰਮ ਮਜੀਠੀਆ ਖਿਲਾਫ ਇਹ ਮਾਮਲਾ ਨੇ 20 ਦਸੰਬਰ 2021 ਨੂੰ ਦਰਜ ਕੀਤਾ ਸੀ ਪਰ ਅਦਾਲਤਾਂ ਵੱਲੋਂ ਉਸ ਦੀ ਗ੍ਰਿਫ਼ਤਾਰੀ ਦੋ ਮਹੀਨਿਆਂ ਲਈ ਟਾਲ ਦਿੱਤੀ ਗਈ ਸੀ। 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ। ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਜਿਸ ਕੇਸ ਵਿੱਚ ਉਹ ਜੇਲ੍ਹ ਤੋਂ ਪਰਤਿਆ ਹੈ, ਉਸ ਵਿੱਚ ਹਾਲੇ ਤੱਕ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ। ਇਹ ਉਸ 'ਤੇ ਲਗਾਇਆ ਗਿਆ ਇੱਕ ਵਿਲੱਖਣ ਐਨਡੀਪੀਐਸ ਕੇਸ ਹੈ, ਜਿਸ ਵਿੱਚ ਪੁਲਿਸ ਨੇ ਕੋਈ ਬਰਾਮਦਗੀ ਨਹੀਂ ਕੀਤੀ।