ਚੰਡੀਗੜ੍ਹ ਡੈਸਕ :ਬਠਿੰਡਾ ਦੀ ਵਿੱਦਿਆਰਥਣ ਮਾਹਿਰਾ ਬਾਜਵਾ ਨੇ ਸ਼ਹਿਰ ਦੇ ਨਾਲ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਮੁਤਾਬਿਕ ਮਾਹਿਰਾ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਯਾਨੀ ਕਿ ਸੀਯੂਈਟੀ ਦੇ ਸਾਲ 2023 ਦੇ ਨਤੀਜਿਆਂ ਵਿੱਚ 800 ਅੰਕਾਂ ਵਿੱਚੋਂ 799.64 ਅੰਕ ਹਾਸਿਲ ਕੀਤੇ ਹਨ। ਮਾਹਿਰਾ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦਾ ਸਿਲਸਿਲਾ ਚੱਲ ਰਿਹਾ ਹੈ। ਇਸ ਕੜੀ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਵੀਡੀਓ ਕਾਲ ਕਰਕੇ ਮਾਹਿਰਾ ਨੂੰ ਵਧਾਈ ਦਿੱਤੀ ਗਈ ਹੈ।
ਇਸ ਤਰ੍ਹਾਂ ਹਾਸਿਲ ਹੋਈ ਸਫਲਤਾ : ਜਾਣਕਾਰੀ ਮੁਤਾਬਿਕ ਯੂਜੀਸੀ ਦੀ ਇਸ ਪ੍ਰੀਖਿਆ ਵਿੱਚ ਮਾਹਿਰਾ ਬਾਜਵਾ ਨੇ ਚਾਰ ਅੰਗਰੇਜ਼ੀ, ਭੂਗੋਲ, ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ ਦੇ ਵਿਸ਼ੇ ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਸ ਸਫਲਤਾ ਤੋਂ ਬਾਅਦ ਮਾਹਿਰਾ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਨਾਮੀ ਲੇਡੀ ਸ਼੍ਰੀ ਰਾਮ ਕਾਲਜ ਦੀ ਚੋਣ ਲਈ ਉਤਸ਼ਾਹਿਤ ਹੈ। ਮਾਹਿਰਾ ਨੇ ਇਸ ਸਫਲਤਾ ਲਈ ਆਪਣੀ ਮਿਹਨਤ ਦਾ ਵੀ ਜਿਕਰ ਕੀਤਾ ਹੈ। ਮਾਹਿਰਾ ਨੇ ਕਿਹਾ ਕਿ ਉਹ ਪ੍ਰੀਖਿਆ ਦੀ ਤਿਆਰੀ ਲਈ ਰੋਜ਼ਾਨਾਂ 7 ਤੋਂ 8 ਘੰਟੇ ਪੜ੍ਹਾਈ ਕਰਦੀ ਸੀ ਅਤੇ ਉਸਨੇ ਐੱਨਸੀਆਰਟੀ ਦੀਆਂ ਕਿਤਾਬਾਂ ਰਾਹੀਂ ਤਿਆਰੀ ਕੀਤੀ ਹੈ। ਇਸਦੇ ਨਾਲ ਹੀ ਕੋਚਿੰਗ ਵੀ ਲਈ ਹੈ।