ਚੰਡੀਗੜ੍ਹ: ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਦਾ 239ਵਾਂ ਜਨਮ ਦਿਹਾੜਾ ਹੈ। ਇਸ ਮੌਕੇ ਕਈ ਸਿਆਸੀ ਆਗੂਆਂ ਨੇ ਸ਼ੇਰ-ਏ-ਪੰਜਾਬ ਬਾਰੇ ਟਵੀਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਦੇ ਵਿੱਚ ਲਹਿੰਦੇ ਪੰਜਾਬ ਪਾਕਿਸਤਾਨ ਦੇ ਗੁਜਰਾਂਵਾਲਾ ਦੇ ਵਿੱਚ ਹੋਇਆ ਸੀ। ਰਣਜੀਤ ਸਿੰਘ ਨੂੰ ਆਪਣੀ ਉਨ੍ਹਾਂ ਦੀ ਸੂਰਵੀਰਤਾ ਦੇ ਲਈ ਜਾਣੇ ਜਾਂਦੇ ਹਨ।
ਇਸ ਮੌਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰ ਕਿਹਾ, "ਸਿੱਖ ਸਾਮਰਾਜ ਦਾ ਸੁਨਹਿਰੀ ਯੁਗ ਸਥਾਪਿਤ ਕਰਨ ਵਾਲੇ, ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਦੇਸ਼-ਵਿਦੇਸ਼ ਦੇ ਸਾਰੇ ਪੰਜਾਬੀਆਂ ਨੂੰ ਮੁਬਾਰਕਾਂ। ਹਰ ਵਰਗ, ਹਰ ਧਰਮ ਦੇ ਲੋਕਾਂ ਲਈ ਆਜ਼ਾਦੀ ਤੇ ਬਰਾਬਰਤਾ ਵਾਲਾ ਨਿਆਂ ਪ੍ਰਸਤ ਰਾਜ ਦੇਣ ਵਾਲੇ ਮਹਾਰਾਜਾ ਰਣਜੀਤ ਸਿੰਘ, ਸਦਾ ਸਾਡੇ ਆਦਰਸ਼ ਰਹਿਣਗੇ।"
ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੇਰ-ਏ-ਪੰਜਾਬ ਦੇ ਜਨਮ ਦਿਵਸ ਦੀਆਂ ਸਮੂਹ ਪੰਜਾਬੀਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਕਿਹਾ ਕਿ "ਬਤੌਰ ਇੱਕ ਪਰਜਾ ਪਾਲਕ ਸ਼ਾਸਕ, ਇੱਕ ਬਹਾਦਰ ਸੈਨਾਪਤੀ, ਚੇਤੰਨ ਨੀਤੀਵਾਨ ਅਤੇ ਗੁਰੂ ਘਰ ਦਾ ਅਨਿੰਨ ਸ਼ਰਧਾਲੂ, ਰਣਜੀਤ ਸਿੰਘ ਧਰਮ ਨਿਰਪੱਖ ਸ਼ਖ਼ਸੀਅਤ ਦਾ ਹਰ ਪੱਖ, ਹਰ ਪਹਿਲੂ ਲਾਜਵਾਬ ਤੇ ਪ੍ਰੇਰਨਾਦਾਇਕ ਹੈ।"
ਇਤਸਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਰਣਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰਦੀਆਂ ਕਿਹਾ ਕਿ "ਸਿੱਖ ਸਾਮਰਾਜ ਦਾ ਸੁਨਹਿਰੀ ਯੁਗ ਸਥਾਪਿਤ ਕਰਨ ਵਾਲੇ, ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਵਸ ਦੀਆਂ ਦੇਸ਼-ਵਿਦੇਸ਼ ਦੇ ਸਾਰੇ ਪੰਜਾਬੀਆਂ ਨੂੰ ਮੁਬਾਰਕਾਂ।"
ਡੀਐੱਸਜੀਐੱਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸ਼ਾ ਵੱਲੋਂ ਟਵੀਟਰ 'ਤੇ ਇੱਕ ਵਿਸ਼ੇਸ਼ ਵੀਡੀਓ ਸਾਂਝੀ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਕਾਂਗਰਸ ਵੱਲੋਂ ਵੀ ਆਪਣੇ ਟਵੀਟਰ ਪੇਜ 'ਤੇ ਸਿੰਘ ਸੂਰਮੇ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰੀ ਕਾਂਗਰਸ ਨੇ ਟਵੀਟ ਵਿੱਚ ਲਿਖਿਆ, "ਮਹਾਰਾਜਾ ਰਣਜੀਤ ਸਿੰਘ ਸਿੱਖ ਸਲਤਨਤ ਦੇ ਉਹ ਆਗੂ ਸਨ ਜਿਨ੍ਹਾਂ ਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤ ਦੇ ਉਪ ਮਹਾਂਦੀਪ ਉੱਤੇ ਰਾਜ ਕੀਤਾ ਸੀ। ਉਨ੍ਹਾਂ ਵੱਲੋਂ ਅਫ਼ਗਾਨ ਹਮਲਾਵਰਾਂ ਨੂੰ ਬਾਹਰ ਕੱਢਣ ਦੇ ਲਈ ਕਈ ਲੜਾਈਆਂ ਲੜੀਆਂ ਗਈਆਂ ਸਨ। ਰਣਜੀਤ ਸਿੰਘ ਨੂੰ 21 ਸਾਲ ਦੀ ਉਮਰ ਵਿੱਚ ਹੀ ਪੰਜਾਬ ਦੇ ਮਹਾਰਾਜਾ ਵਜੋਂ ਨਵਾਜਿਆ ਗਿਆ ਸੀ।"
ਬਿਕਰਮ ਮਜੀਠੀਆ ਵੱਲੋਂ ਵੀ ਆਪਣੇ ਸ਼ੋਸਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਗਈ। ਇਸ ਪੋਸਟ ਵਿੱਚ ਉਨ੍ਹਾਂ ਲਿਖਿਆ, "ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਸਰਵਗੁਣੀ, ਧਰਮ ਨਿਰਪੱਖ ਪ੍ਰਸ਼ਾਸਨ ਦੇ ਰਚਨਹਾਰ, ਗੁਰੂ ਦੇ ਸੱਚੇ ਸਿੱਖ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੱਜ ਉਨ੍ਹਾਂ ਦੇ ਜਨਮ ਦਿਵਸ 'ਤੇ ਯਾਦ ਕਰਦੇ ਹੋਏ ਦਿਲੋਂ ਸਤਿਕਾਰ ਭੇਟ ਕਰਦਾ ਹਾਂ।"