ਪੰਜਾਬ

punjab

ETV Bharat / state

'ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ' 500 ਕਰੋੜ ਦੀ ਲਾਗਤ ਨਾਲ ਹੋਵੇਗੀ ਸਥਾਪਤ: ਖੇਡ ਮੰਤਰੀ - ਖੇਡ ਤਕਨਾਲੋਜੀ

ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ 500 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਹੋਣ ਵਾਲੀ ਇਸ ਯੂਨੀਵਰਸਿਟੀ ਵਿੱਚ ਖੇਡ ਵਿਗਿਆਨ, ਖੇਡ ਤਕਨਾਲੋਜੀ, ਖੇਡ ਪ੍ਰਬੰਧਨ ਅਤੇ ਅੰਤਰ ਰਾਸ਼ਟਰੀ ਮਾਪਦੰਡਾਂ ਵਾਲੀ ਖੇਡ ਕੋਚਿੰਗ ਨਾਲ ਖੇਡ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਵਿਸ਼ਵ ਪੱਧਰੀ ਸਿਖਲਾਈ ਅਤੇ ਅਕਾਦਮਿਕ ਬੁਨਿਆਦੀ ਢਾਂਚੇ ਵਾਲਾ ਇੱਕ ਆਧੁਨਿਕ ਕੈਂਪਸ ਸਥਾਪਤ ਕੀਤਾ ਜਾਵੇਗਾ।

ਰਾਣਾ ਗੁਰਮੀਤ ਸਿੰਘ ਸੋਢੀ
ਰਾਣਾ ਗੁਰਮੀਤ ਸਿੰਘ ਸੋਢੀ

By

Published : Oct 23, 2020, 5:48 PM IST

Updated : Oct 23, 2020, 8:55 PM IST

ਚੰਡੀਗੜ੍ਹ: ਪੰਜਾਬ ਦੇ ਅਮੀਰ ਖੇਡ ਵਿਰਸੇ ਅਤੇ ਖੇਡਾਂ ਵਿੱਚ ਪੰਜਾਬ ਦੇ ਦਬਦਬੇ ਨੂੰ ਮੁੜ ਕਾਇਮ ਕਰਨ ਦਾ ਸੁਪਨਾ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੀ ਸਥਾਪਨਾ ਦਾ ਸਾਕਾਰ ਰੂਪ ਧਾਰ ਰਿਹਾ ਹੈ। ਲਗਭਗ 500 ਕਰੋੜ ਰੁਪਏ ਦੀ ਲਾਗਤ ਨਾਲ 92.7 ਏਕੜ ਰਕਬੇ ਵਿੱਚ ਬਣਨ ਵਾਲੀ ਯੂਨੀਵਰਸਿਟੀ ਇਮਾਰਤ ਵਿੱਚ ਅਤਿ-ਆਧੁਨਿਕ ਖੇਡ, ਰਿਹਾਇਸ਼ੀ ਤੇ ਅਕਾਦਮਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਅਤੇ ਉਸਾਰੂ ਸੋਚ ਸਦਕਾ ਪਿੰਡ ਸਿੱਧੂਵਾਲ ਵਿਖੇ ਪਟਿਆਲਾ-ਭਾਦਸੋਂ ਰੋਡ ਅਤੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਨੇੜੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਅਤਿ-ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਆਪਣਾ ਕੈਂਪਸ ਸਥਾਪਤ ਕਰਨ ਲਈ 92.7 ਏਕੜ ਜ਼ਮੀਨ ਲਈ ਗਈ।

ਇਸ ਮੌਕੇ ਖੇਡ ਮੰਤਰੀ ਨੇ ਖੇਡ ਯੂਨੀਵਰਸਿਟੀ ਬਾਰੇ ਮੁਕੰਮਲ ਜਾਣਕਾਰੀ ਦਿੰਦਾ ਇਕ ਕਿਤਾਬਚਾ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਐਮ.ਬੀ.ਐਸ. ਪੰਜਾਬ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 25 ਅਕਤੂਬਰ ਨੂੰ ਰੱਖਣਗੇ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਨਕਸ਼ਾ ਲੋਕ ਨਿਰਮਾਣ ਵਿਭਾਗ ਦੇ ਪੰਜਾਬ ਦੇ ਮੁੱਖ ਆਰਕੀਟੈਕਟ ਨੇ ਤਿਆਰ ਕੀਤਾ ਹੈ।

ਖੇਡ ਮੰਤਰੀ ਨੇ ਕਿਹਾ ਕਿ ਐਮਬੀਐਸ ਪੰਜਾਬ ਖੇਡ ਯੂਨੀਵਰਸਿਟੀ ਦੇ ਵਿਚਾਰ ਦੀ ਕਲਪਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ, ਜੋ ਖ਼ੁਦ ਇਕ ਬੇਮਿਸਾਲ ਨਿਸ਼ਾਨੇਬਾਜ਼, ਖੇਡ ਪ੍ਰੇਮੀ ਅਤੇ ਪੋਲੋ ਖਿਡਾਰੀ ਰਹੇ ਹਨ।

ਖੇਡ ਵਿਭਾਗ ਦੇ ਡਾਇਰੈਕਟਰ DPS ਖਰਬੰਦਾ ਨੇ ਦੱਸਿਆ ਕਿ 3 ਕੋਰਸ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਦਾ ਇੱਕ ਸਮੈਸਟਰ ਹੋ ਚੁੱਕਿਆ ਹੈ, ਖਰਬੰਦਾ ਨੇ ਦੱਸਿਆ ਕਿ ਅੰਤਰਰਾਜੀ ਕੋਰਸ ਸ਼ਾਮਲ ਕੀਤੇ ਗਏ ਹਨ। ਇਸ ਨਾਲ ਖੇਡ ਵਿਭਾਗ 'ਚ ਨੌਕਰੀਆਂ ਸਮੇਤ ਪ੍ਰਤੀਬਾ ਨੂੰ ਨਵੀਂ ਤਕਨੀਕ ਨਾਲ ਜੋੜਿਆ ਜਾ ਸਕੇ। ਇਸ ਦੌਰਾਨ ਕਈ ਜ਼ਿਲਿਆ 'ਚ DSO ਭਰਤੀ ਕਰਨ ਬਾਰੇ ਕਹਿੰਦਿਆਂ ਕਿਹਾ ਕਿ ਜਲਦ ਹੀ ਬਾਕੀ ਅਸਾਮੀਆਂ ਭਰਤੀ ਕੀਤੀਆਂ ਜਾਣਗੀਆਂ।

ਵੀਡੀਓ
ਵੀਡੀਓ
ਵੀਡੀਓ

ਅਤਿ-ਆਧੁਨਿਕ ਆਊਟਡੋਰ ਅਤੇ ਇਨਡੋਰ ਖੇਡ ਸਹੂਲਤਾਂ ਹੋਣਗੀਆਂ ਮੁਹੱਈਆ

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਕੈਂਪਸ ਦਾ ਨਿਰਮਾਣ ਕਾਰਜ ਪੂਰਾ ਹੋਣ ਨਾਲ ਅਤਿ ਆਧੁਨਿਕ ਖੇਡ ਸਹੂਲਤਾਂ ਸਿੰਥੈਟਿਕ ਅਥਲੈਟਿਕ ਸਟੇਡੀਅਮ, ਐਸਟਰੋ-ਟਰਫ ਹਾਕੀ ਮੈਦਾਨ, ਬਾਸਕਟਬਾਲ, ਹੈਂਡਬਾਲ/ਵਾਲੀਬਾਲ ਕੋਰਟ ਅਤੇ ਸ਼ੂਟਿੰਗ ਦੇ ਨਾਲ-ਨਾਲ ਤੀਰਅੰਦਾਜ਼ੀ ਰੇਂਜ ਲਈ ਆਊਟਡੋਰ ਖੇਡ ਮੈਦਾਨ, ਬਾਕਸਿੰਗ ਅਤੇ ਕੁਸ਼ਤੀ, ਵੇਟ ਲਿਫਟਿੰਗ, ਬੈਡਮਿੰਟਨ, ਸਕੁਐਸ਼, ਜਿਮਨੇਜ਼ੀਅਮ ਅਤੇ ਯੋਗਾ ਲਈ ਇਨਡੋਰ ਮਲਟੀ-ਪਰਪਸ ਹਾਲ, ਆਧੁਨਿਕ ਵਿਗਿਆਨਕ ਉਪਕਰਣਾਂ ਅਤੇ ਤਕਨਾਲੋਜੀ ਨਾਲ ਲੈਸ ਅਤਿ-ਆਧੁਨਿਕ ਫਿਟਨੈੱਸ ਕੇਂਦਰ, ਖੇਡ ਵਿਗਿਆਨ ਅਤੇ ਬਾਇਓਮਕੈਨਿਕਸ ਕੋਰਸਾਂ ਲਈ ਵਿਸ਼ੇਸ਼ ਵਿਗਿਆਨਕ ਲੈਬਾਂ ਵਾਲੇ ਅਕਾਦਮਿਕ ਬਲਾਕ ਅਤੇ ਆਡੀਟੋਰੀਅਮ, ਲੜਕੇ ਅਤੇ ਲੜਕਿਆਂ ਲਈ ਵੱਖਰੇ ਰਿਹਾਇਸ਼ੀ ਖੇਤਰ ਅਤੇ ਦਫ਼ਤਰ ਬਲਾਕ ਬਣਨਗੇ। ਇਸ ਤੋਂ ਇਲਾਵਾ, ਸੂਬੇ ਦੀ ਖੇਡਾਂ ਵਿੱਚ ਸ਼ਾਨ, ਪਰੰਪਰਾ ਅਤੇ ਵਿਰਾਸਤ ਨੂੰ ਦਰਸਾਉਣ ਲਈ ਯੂਨੀਵਰਸਿਟੀ ਵਿੱਚ ਇੱਕ ਅਜਾਇਬਘਰ ਵੀ ਸਥਾਪਤ ਕੀਤਾ ਜਾਵੇਗਾ।

ਯੂਨੀਵਰਸਿਟੀ ਵਿੱਚ ਖੇਡਾਂ ਤੋਂ ਇਲਾਵਾ ਖੇਡ ਵਿਗਿਆਨ, ਤਕਨੀਕ ਅਤੇ ਪ੍ਰਬੰਧਨ ਦੀ ਸਿਖਲਾਈ

ਖੇਡ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਲਈ ਪਹਿਲਾ ਮੌਕਾ ਹੋਵੇਗਾ, ਜਦੋਂ ਖੇਡਾਂ ਮਨਪਰਚਾਵੇ ਅਤੇ ਦਾਅ-ਪੇਚ ਤੋਂ ਪਰ੍ਹੇ ਹੋਣਗੀਆਂ ਅਤੇ ਖੇਡ ਵਿਗਿਆਨ, ਖੇਡ ਤਕਨਾਲੋਜੀ ਅਤੇ ਖੇਡ ਪ੍ਰਬੰਧਨ ਵਰਗੇ ਪਹਿਲੂ ਖੇਡ ਮਾਨਸਿਕਤਾ ਅਤੇ ਬੁਨਿਆਦੀ ਢਾਂਚੇ ਵਿੱਚ ਵੱਡੇ ਬਦਲਾਅ ਲਿਆਉਣਗੇ। ਯੂਨੀਵਰਸਿਟੀ ਵਿੱਚ ਇਨ੍ਹਾਂ ਤਕਨੀਕੀ ਪਹਿਲੂਆਂ ਦੀ ਪੜ੍ਹਾਈ ਉਤੇ ਜ਼ੋਰ ਦਿੱਤਾ ਜਾਵੇਗਾ।

ਆਗਾਮੀ ਸੈਸ਼ਨ ਤੋਂ ਖੇਡਾਂ ਅਤੇ ਯੋਗਾ ਬਾਰੇ ਚਾਰ ਕੋਰਸ ਹੋਣਗੇ ਸ਼ੁਰੂ

ਰਾਣਾ ਸੋਢੀ ਨੇ ਕਿਹਾ ਕਿ ਐਮ.ਬੀ.ਐਸ. ਪੰਜਾਬ ਖੇਡ ਯੂਨੀਵਰਸਿਟੀ ਨੇ 9 ਸਤੰਬਰ, 2019 ਨੂੰ ਯੂ.ਜੀ.ਸੀ. ਤੋਂ ਅਧਿਕਾਰਤ ਤੌਰ ਉੱਤੇ ਮਾਨਤਾ ਪ੍ਰਾਪਤ ਕੀਤੀ ਸੀ ਅਤੇ 16 ਸਤੰਬਰ, 2019 ਨੂੰ ਕਾਰਜਸ਼ੀਲ ਹੋਈ। ਮੌਜੂਦਾ ਸਮੇਂ ਇਸ ਵਿੱਚ ਬੀ.ਪੀ.ਈ.ਐਸ. ਅਤੇ ਯੋਗਾ ਵਿੱਚ ਪੀ.ਜੀ. ਡਿਪਲੋਮਾ 2 ਕੋਰਸ ਚੱਲ ਰਹੇ ਹਨ, ਜਦੋਂ ਕਿ ਚਾਰ ਕੋਰਸ ਬੀ.ਪੀ.ਈ.ਐਸ.(ਇਕ ਅਤੇ ਦੋ ਸਾਲ) ਚੱਲ ਰਹੇ ਹਨ। ਯੋਗਾ ਵਿਚ ਐਮ.ਐਸ.ਈ. ਅਤੇ ਯੋਗਾ ਵਿੱਚ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਆਗਾਮੀ ਸੈਸ਼ਨ ਤੋਂ ਸ਼ੁਰੂ ਕੀਤੇ ਜਾਣਗੇ। ਮੰਤਰੀ ਨੇ ਕਿਹਾ ਕਿ ਖੇਡ ਸਨਅਤ ਅਤੇ ਵਿਗਿਆਨਕ ਕੋਚਿੰਗ ਦੀਆਂ ਮੰਗਾਂ ਦੀ ਤਰਜ਼ `ਤੇ ਭਵਿੱਖ ਦੇ ਕੋਰਸਾਂ ਦੀ ਯੋਜਨਾ ਬਣਾਈ ਜਾ ਰਹੀ ਹੈ।

ਐਮ.ਬੀ.ਐਸ.ਪੀ.ਐਸ.ਯੂ. ਮੀਲ ਦਾ ਪੱਥਰ ਸਾਬਤ ਹੋਵੇਗੀ: ਅਭਿਨਵ ਬਿੰਦਰਾ

ਪ੍ਰੈੱਸ ਕਾਨਫਰੰਸ ਦੌਰਾਨ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਬਾਰੇ ਵਿਸ਼ੇਸ਼ ਯੂਨੀਵਰਸਿਟੀ ਦੀ ਸਥਾਪਨਾ ਇਕ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਇਹ ਨਾ ਸਿਰਫ਼ ਇਕ ਸੰਸਥਾ ਵਜੋਂ ਖੇਡਾਂ ਦੀ ਸਿਖਲਾਈ ਦੇਵੇਗੀ, ਸਗੋਂ ਸੂਬੇ ਦੇ ਨਾਲ-ਨਾਲ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਵੀ ਸਾਬਤ ਹੋਵੇਗੀ।ਉਨ੍ਹਾਂ ਇਸ ਵੱਕਾਰੀ ਯੂਨੀਵਰਸਿਟੀ ਦੀ ਸਥਾਪਨਾ ਲਈ ਅਹਿਮ ਭੂਮਿਕਾ ਨਿਭਾਉਣ ਲਈ ਖੇਡ ਮੰਤਰੀ ਦਾ ਧੰਨਵਾਦ ਕੀਤਾ।

Last Updated : Oct 23, 2020, 8:55 PM IST

ABOUT THE AUTHOR

...view details