ਚੰਡੀਗੜ੍ਹ:ਇਸ ਸਾਲ ਦੇ ਸ਼ੁਰੂ ਵਿੱਚ ਹੀ ਪੰਜ ਰਾਜਾਂ ਵਿੱਚ ਚੋਣਾਂ ਹੋਈਆਂ ਸਨ। ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਦੇ ਚੋਣ ਨਤੀਜੇ ਦੇਸ਼ ਦੀ ਰਾਜਨੀਤੀ ਲਈ ਨਵੀਂ ਦਿਸ਼ਾ ਬਣ ਗਏ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਵਿਰੋਧੀ ਧਿਰ ਦਾ ਸਫਾਇਆ ਕਰ ਦਿੱਤਾ ਹੈ। ਪੰਜਾਬ ਵਿਚ ਕਈ ਵੱਡੀਆਂ ਸਿਆਸੀ ਘਟਨਾਵਾਂ ਸਾਲ 2022 ਅੰਦਰ ਹੋਈਆਂ, ਆਓ ਜਾਣਦੇ ਆਂ ਇਨ੍ਹਾਂ ਘਟਨਾਵਾਂ ਬਾਰੇ...
ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ ਦਾ ਮੁੱਦਾ ਗਰਮਾਇਆ:ਸਾਲ ਦੇ ਪਹਿਲੇ ਹਫ਼ਤੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਵੱਡਾ ਵਿਵਾਦ ਖੜਾ ਹੋ ਗਿਆ। 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਨ ਲਈ ਫਿਰੋਜ਼ਪੁਰ ਆਏ ਸਨ, ਪਰ ਸੁਰੱਖਿਆ ਵਿੱਚ ਕੁਤਾਹੀ ਕਾਰਨ ਪੀਐਮ ਨੂੰ ਬਿਨ੍ਹਾਂ ਰੈਲੀ ਕੀਤੇ ਵਾਪਸ ਮੁੜਨਾ ਪਿਆ। ਉਸ ਵੇਲ੍ਹੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ। ਕਾਂਗਰਸ ਸਰਕਾਰ ਅਤੇ ਚੰਨੀ ਦੀ ਕਾਰਗੁਜ਼ਾਰੀ ਉੱਤੇ ਕਈ ਸਵਾਲ ਖੜੇ ਹੋਏ ਸਨ। ਇਹ ਮੁੱਦਾ ਵੱਡਾ ਸਿਆਸੀ ਮੁੱਦਾ ਬਣਿਆ ਸੀ।
ਪੰਜਾਬ ਵਿਧਾਨ ਸਭਾ ਚੋਣਾਂ 2022: ਇਸ ਸਾਲ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਿਲਚਸਪ ਟੱਕਰ ਵੇਖਣ ਨੂੰ ਮਿਲੀ, ਕਿਉਂਕਿ ਇਸ ਵਾਰ 4 ਪਾਰਟੀਆਂ ਚੋਣ ਮੈਦਾਨ 'ਚ ਉਤਰੀਆਂ ਸਨ। ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਵੱਖ ਹੋ ਗਏ ਸਨ ਅਤੇ ਆਪਣੀ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਭਾਜਪਾ ਦਾ ਸਮਰਥਨ ਕੀਤਾ। ਅਕਾਲੀ ਦਲ ਦੀ ਭਾਈਵਾਲ ਭਾਜਪਾ ਦਾ ਰਿਸ਼ਤਾ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਟੁੱਟਿਆ ਅਤੇ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਨੇ ਵੱਖ-ਵੱਖ ਚੋਣ ਲੜੀ। ਹਾਲਾਂਕਿ, ਅਕਾਲੀ ਦਲ ਨੇ ਆਪਣੀ ਨਵੀਂ ਭਾਈਵਾਲ ਬਹੁਜਨ ਸਮਾਜ ਪਾਰਟੀ (ਬਸਪਾ) ਲੱਭ ਲਈ ਸੀ।
'ਆਪ' ਦੀ ਹੂੰਝਾ ਫੇਰ ਜਿੱਤ: 11 ਮਾਰਚ 2022 ਨੂੰ ਵਿਧਾਨ ਸਭਾ ਦੇ ਚੋਣ ਨਤੀਜੇ ਆਏ, ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। 2017 ਵਿੱਚ ਵਿਰੋਧੀ ਧਿਰ ਤੱਕ ਸੀਮਤ ਰਹਿਣ ਵਾਲੀ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਸਿਆਸੀ ਥੰਮ ਡੇਗ ਦਿੱਤੇ ਅਤੇ 92 ਸੀਟਾਂ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਈ। ਪੰਜਾਬ ਨੂੰ ਭਗਵੰਤ ਮਾਨ ਦੇ ਰੂਪ ਵਿੱਚ ਨਵਾਂ ਮੁੱਖ ਮੰਤਰੀ ਮਿਲਿਆ। ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੂੰ ਵੀ ਵੱਡਾ ਝਟਕਾ ਲੱਗਾ।
ਪੰਜਾਬ ਦੀ ਰਿਵਾਇਤੀ ਪਾਰਟੀਆਂ ਅੰਦਰ ਵੱਡੇ ਉਲਟ ਫੇਰ:ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿਚੋਂ ਰਵਾਨਗੀ ਤੋਂ ਬਾਅਦ ਕਾਂਗਰਸ ਦੇ ਕਈ ਦਿੱਗਜ ਆਗੂਆਂ ਨੇ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਦਾ ਕਮਲ ਫੜ੍ਹ ਲਿਆ ਸੀ, ਜਿਨ੍ਹਾਂ ਵਿਚੋਂ ਇਕ ਸਨ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ। ਸੁਨੀਲ ਜਾਖੜ ਨੇ 19 ਮਈ ਨੂੰ ਭਾਜਪਾ ਜੁਆਇਨ ਕੀਤੀ ਸੀ, ਉਨ੍ਹਾਂ ਤੋਂ ਪਹਿਲਾਂ ਕਾਂਗਰਸ ਦੇ ਕਈ ਸੀਨੀਅਰ ਆਗੂ ਭਾਜਪਾ ਵਿੱਚ ਜਾ ਚੁੱਕੇ ਸਨ। ਫਤਹਿਜੰਗ ਬਾਜਵਾ, ਰਾਣਾ ਗੁਰਮੀਤ ਸੋਢੀ, ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ, ਡਾ. ਰਾਜ ਕੁਮਾਰ ਵੇਰਕਾ ਤੇ ਸਤਿਕਾਰ ਕੌਰ ਵਰਗੇ ਕਈ ਦਿੱਗਜ ਨੇਤਾ ਭਾਜਪਾ ਵਿੱਚ ਸ਼ਾਮਿਲ ਹੋ ਗਏ। ਕਾਂਗਰਸ ਪਾਰਟੀ ਨੇ ਕਈ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਬਾਹਰ ਵੀ ਕੱਢਿਆ। ਕੈਪਟਨ ਅਮਰਿੰਦਰ ਸਿੰਘ ਨੇ, ਤਾਂ ਪਹਿਲਾਂ ਹੀ ਭਾਜਪਾ ਨਾਲ ਮਿਲਕੇ ਚੋਣ ਲੜੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਰਲੇਵਾਂ ਭਾਜਪਾ ਨਾਲ ਕਰ ਲਿਆ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ AAP ਮੰਤਰੀ ਬਰਖ਼ਾਸਤ: 24 ਮਈ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਹਤ ਮੰਤਰੀ ਉੱਤੇ ਵੱਡੀ ਕਾਰਵਾਈ ਕੀਤੀ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਡਾ. ਵਿਜੇ ਸਿੰਗਲਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ। ਵਿਜੇ ਸਿੰਗਲਾ ਨੇ ਮਾਨਸਾ ਤੋਂ ਪੰਜਾਬੀ ਗਾਇਕ ਅਤੇ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਹਰਾਇਆ ਸੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਡਾ. ਵਿਜੇ ਸਿੰਗਲਾ ਨੂੰ ਪਟਿਆਲਾ ਜੇਲ੍ਹ ਜਾਣਾ ਪਿਆ ਅਤੇ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ। 8 ਜੁਲਾਈ 2022 ਨੂੰ ਵਿਜੇ ਸਿੰਗਲਾ ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਏ।
2022 'ਚ ਪੰਜਾਬ ਦੇ ਕਈ ਦਿੱਗਜ ਆਗੂ ਗਏ ਜੇਲ੍ਹ:ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਡਰੱਗ ਦੇ ਦੋਸ਼ਾਂ ਤਹਿਤ ਜੇਲ੍ਹ ਜਾਣਾ ਪਿਆ। ਹਾਲਾਂਕਿ, ਅਗਸਤ ਮਹੀਨੇ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਡਰੱਗ ਮਾਮਲੇ 'ਚ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਬੰਦ ਰਹੇ।
ਸਾਲ 2022 ਦੇ ਮਈ ਮਹੀਨੇ ਵਿੱਚ 'ਗੁਰੂ' ਦੇ ਸਿਤਾਰੇ ਵੀ ਧੁੰਦਲੇ ਪਏ। 'ਗੁਰੂ' ਯਾਨਿ ਕਿ ਨਵਜੋਤ ਸਿੰਘ ਸਿੱਧੂ ਨੂੰ 1988 ਦੇ ਰੋਡ ਰੇਜ ਮਾਮਲੇ 'ਚ ਜੇਲ੍ਹ ਜਾਣਾ ਪਿਆ ਅਤੇ ਹਾਲੇ ਤੱਕ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਇਸ ਤੋਂ ਇਲਾਵਾ ਸਾਬਕਾ ਮੰਤਰੀਆਂ ਉੱਤੇ ਪੰਜਾਬ ਵਿਜੀਲੈਂਸ ਦੀ ਗਾਜ ਡਿੱਗਦੀ ਰਹੀ। ਸਾਬਕਾ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਅਜਿਹੇ ਫਸੇ ਕਿ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਚੰਨੀ ਕਾਰਜਕਾਲ ਦੌਰਾਨ ਜੰਗਲਾਤ ਮੰਤਰੀ ਬਣੇ ਸੰਗਤ ਸਿੰਘ ਗਿਲਜੀਆਂ ਵੀ ਵਿਜੀਲੈਂਸ ਦੀ ਕੜਿਕੀ 'ਚ ਫਸੇ ਹਾਲਾਂਕਿ ਜੇਲ੍ਹ ਤੋਂ ਬਚਣ ਲਈ ਉਨ੍ਹਾਂ ਕਈ ਹੱਥਕੰਢੇ ਅਪਣਾਏ, ਪਰ ਅਜੇ ਤੱਕ ਫਿਲਹਾਲ ਬੂਰ ਪੈਂਦੀ ਨਹੀਂ ਦਿਖਾਈ ਦਿੱਤੀ।