ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਪੱਤਰ ਲਿਖ ਕੇ ਪਰਵਾਸੀ ਮਜ਼ਦੂਰਾਂ ਅਤੇ ਸੂਬੇ ਦੇ ਗਰੀਬ ਨਾਨ-ਐਨ.ਐਫ.ਐਸ.ਏ. (ਕੌਮੀ ਖੁਰਾਕ ਸੁਰੱਖਿਆ ਐਕਟ) ਨਾਗਰਿਕਾਂ ਨੂੰ ਵੰਡਣ ਵਾਸਤੇ 2 ਮਹੀਨੇ ਲਈ ਵਾਧੂ 14144 ਮੀਟ੍ਰਿਕ ਟਨ ਕਣਕ ਅਤੇ 1414 ਮੀਟ੍ਰਿਕ ਟਨ ਦਾਲਾਂ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਉਦਯੋਗਿਕ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਪੁਨਰ ਸੁਰਜੀਤ ਕਰਨ ਤੋਂ ਇਲਾਵਾ ਮਜ਼ਦੂਰਾਂ ਨੂੰ ਆਪਣੀ ਰੋਜ਼ੀ-ਰੋਟੀ ਲਈ ਕੰਮ `ਤੇ ਪਰਤਣ ਲਈ ਪ੍ਰੋਤਸਾਹਿਤ ਕਰਨ ਵਾਸਤੇ ਵਧੇਰੇ ਸਹਾਈ ਸਿੱਧ ਹੋਵੇਗਾ।
ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦਰ ਵੱਲੋਂ ਇਹ ਉਪਰਾਲਾ ਕੀਤਾ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਪਿਛਲੇ ਕੁੱਝ ਮਹੀਨਿਆਂ ਤੋਂ ਤਨਖ਼ਾਹਾਂ ਦੇ ਹੋਏ ਨੁਕਸਾਨ ਕਰਕੇ ਪ੍ਰਵਾਸੀਆਂ ਅਤੇ ਗਰੀਬ ਨਾਨ-ਐਨਐਫਐਸਏ ਨਾਗਰਿਕਾਂ ਨੂੰ ਬੁਰੀ ਤਰ੍ਹਾਂ ਸੱਟ ਵੱਜੀ ਹੈ। ਕਾਬਿਲੇਗੌਰ ਹੈ ਕਿ ਭਾਰਤ ਸਰਕਾਰ ਨੇ ਆਤਮ ਨਿਰਭਰ ਭਾਰਤ ਯੋਜਨਾ ਦੇ ਤਹਿਤ ਪ੍ਰਵਾਸੀਆਂ ਅਤੇ ਨਾਨ-ਐਨਐਫਐਸਏ ਲਾਭਪਾਤਰੀਆਂ ਨੂੰ ਵੰਡਣ ਲਈ 14,144 ਮੀਟ੍ਰਿਕ ਟਨ ਕਣਕ ਅਤੇ 1015 ਮੀਟ੍ਰਿਕ ਟਨ ਦਾਲਾਂ ਰੱਖੀਆਂ ਸਨ। ਰਾਜ ਵਿੱਚ ਇਨ੍ਹਾਂ ਸਟਾਕਾਂ ਦੀ ਵੰਡ ਜਾਰੀ ਹੈ ਅਤੇ ਅਗਲੇ 10-15 ਦਿਨਾਂ ਵਿੱਚ ਪੂਰਾ ਹੋਣ ਦੀ ਉਮੀਦ ਹੈ।