ਚੰਡੀਗੜ੍ਹ:ਹਾਈ-ਪ੍ਰੋਫਾਈਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸੋਨੂੰ ਸ਼ਾਹ ਕਤਲ ਮਾਮਲੇ ਨੂੰ ਲੈਕੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਈ। ਪੇਸ਼ੀ ਦੇ ਮੱਦੇਨਜ਼ਰ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਦੀ ਏਰੀਆ ਨੂੰ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੈ। ਆਦਲਤ ਦੇ ਬਾਹਰ ਪਹਿਲਾਂ ਹੀ ਭਾਰੀ ਪੁਲਿਸ ਫੋਰਸ ਮੌਜੂਦ ਸੀ। ਇਸ ਕਾਰਨ ਚੰਡੀਗੜ੍ਹ ਪੁਲਿਸ ਨੇ ਜ਼ਿਲ੍ਹਾ ਅਦਾਲਤ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਵਕੀਲਾਂ ਦੀ ਟੀਮ ਵੀ ਮੌਜੂਦ ਸੀ। ਲਾਰੈਂਸ ਦੀ ਪੇਸ਼ੀ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਕਿਸੇ ਨੂੰ ਵੀ ਅਦਾਲਤ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਡਿਸਟ੍ਰਿਕਟ ਕੋਰਟ ਵਿੱਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਮੁੱਖ ਮੁਲਜ਼ਮਾਂ ਵਿੱਚ ਸ਼ਾਮਿਲ ਹੈ।
ਮੁੜ ਤੋਂ 20 ਸਤਬੰਰ ਨੂੰ ਇਸ ਮਾਮਲੇ ਦੀ ਪੇਸ਼ੀ: ਕਾਬਲੇਜ਼ਿਕਰ ਹੈ ਕਿ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਚੰਡੀਗੜ੍ਹ ਲੈ ਕੇ ਆਈ ਹੈ। ਸੈਕਟਰ-45 ਥਾਣੇ ਵਿੱਚ ਦਰਜ ਸੋਨੂੰ ਸ਼ਾਹ ਕਤਲ ਕੇਸ ਵਿੱਚ ਸੈਕਟਰ-45 ਪੁਲਿਸ ਨੇ ਚਾਰਜਸ਼ੀਟ ਦਾਖ਼ਲ ਕਰਨੀ ਸੀ ਪਰ ਅੱਜ ਸੁਣਵਾਈ ਦੌਰਾਨ ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ ਕਰਨ ਲਈ ਕੁਝ ਸਮਾਂ ਮੰਗਿਆ ਗਿਆ। ਇਸ ’ਤੇ ਅਦਾਲਤ ਨੇ ਪੁਲਿਸ ਦੀ ਮੰਗ ਮੰਨਦਿਆਂ ਅਗਲੀ ਸੁਣਵਾਈ 28 ਸਤੰਬਰ ਲਈ ਤੈਅ ਕੀਤੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵਾਪਸ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਅਤੇ ਮੁੜ ਤੋਂ 28 ਸਤਬੰਰ ਨੂੰ ਇਸ ਮਾਮਲੇ ਦੀ ਪੇਸ਼ੀ ਹੋਵੇਗੀ ।
ਕਤਲ ਦੀ ਲਾਰੈਂਸ ਨੇ ਲਈ ਜ਼ਿੰਮੇਵਾਰੀ:ਸੋਨੂੰ ਸ਼ਾਹ ਕਤਲ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਸਮੇਤ ਕੁੱਲ 7 ਮੁਲਜਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। 28 ਸਤੰਬਰ, 2019 ਨੂੰ ਸੈਕਟਰ-45 ਦੇ ਬੁੜੈਲ ਸਥਿਤ ਆਪਣੇ ਦਫ਼ਤਰ ਵਿੱਚ ਪ੍ਰਾਪਰਟੀ ਡੀਲਰ ਰਾਜਵੀਰ ਉਰਫ਼ ਸੋਨੂੰ ਸ਼ਾਹ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਸੋਨੂੰ ਸ਼ਾਹ ਦੇ ਕਤਲ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੇ ਇੰਟਰਨੈੱਟ ਮੀਡੀਆ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ।
ਮੂਸੇਵਾਲਾ ਕਤਲ 'ਚ ਮੁੱਖ ਮੁਲਜ਼ਮ ਬਿਸ਼ਨੋਈ:ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਲਾਰੈਂਸ ਬਿਸ਼ਨੋਈ ਨੇ ਇੱਕ ਨਿੱਜੀ ਚੈਨਲ ਨੂੰ ਲਾਈਵ ਹੋ ਕੇ ਇੰਟਰਵਿਊ ਦਿੱਤੀ ਸੀ। ਇੰਟਰਵਿਊ ਦੌਰਾਨ ਬਿਸ਼ਨੋਈ ਨੇ ਕਿਹਾ ਕਿ ਉਸ ਦਾ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਕੋਈ ਸਬੰਧ ਨਹੀਂ ਹੈ। ਉਹ ਸਿੱਧੂ ਨੂੰ ਪਸੰਦ ਨਹੀਂ ਕਰਦਾ, ਕਿਉਂਕਿ ਸਿੱਧੂ ਉਸ ਦੇ ਐਟੀਂ ਗਰੁੱਪ ਦਾ ਸਮਰਥਨ ਕਰਦਾ ਸੀ। ਉਸ ਨੇ ਕਾਂਗਰਸ ਪਾਰਟੀ ਵਿੱਚ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਉਸ ਦੇ ਕਈ ਸਾਥੀਆਂ ਉੱਤੇ ਐਕਸ਼ਨ ਕਰਵਾਏ ਸੀ। ਬਿਸ਼ਨੋਈ ਦਾ ਕਹਿਣਾ ਸੀ ਕਿ ਉਸ ਨੂੰ ਕਤਲ ਦੀ ਸਾਰੀ ਸਾਜ਼ਿਸ ਬਾਰੇ ਜਾਣਕਾਰੀ ਸੀ, ਪਰ ਇਸ ਵਿੱਚ ਉਸ ਨੇ ਕੋਈ ਰੋਲ ਅਦਾ ਨਹੀਂ ਕੀਤਾ। ਇਹ ਸਭ ਗੋਲਡੀ ਬਰਾੜ ਨੇ ਕੀਤਾ ਹੈ। ਬਿਸ਼ਨੋਈ ਨੇ ਤਰਕ ਦਿੱਤਾ ਕਿ ਵਿੱਕੀ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੀ ਸਿੱਧੂ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਤਾਂ ਉਹ ਸਿੱਧੂ ਦਾ ਕਤਲ ਕਰ ਸਕਦੇ ਸੀ ਪਰ ਸਿੱਧੂ ਨਾਲ ਉਨ੍ਹਾਂ ਦਾ ਦੁਸ਼ਮਣੀ ਵਿੱਕੀ ਮਿੱਡੂਖੇੜਾ ਤੇ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਹੀ ਹੋਈ, ਕਿਉਂਕਿ ਉਨ੍ਹਾਂ ਦੇ ਕਤਲ ਵਿੱਚ ਸਿੱਧੂ ਮੂਸੇਵਾਲਾ ਦੀ ਭਾਗੀਦਾਰੀ ਸੀ।