ਚੰਡੀਗੜ੍ਹ:ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਕੈਂਸਰ ਕਾਰਨ ਲੰਡਨ ਦੇ ਹਸਪਤਾਲ ਵਿੱਚ ਮੌਤ ਹੋ ਗਈ ਹੈ। ਦੱਸ ਦਈਏ ਕਿ ਅਵਤਾਰ ਸਿੰਘ ਖੰਡਾ ਨੇ ਬਰਤਾਨੀਆ ਸਥਿਤ ਭਾਰਤੀ ਦੂਤਾਵਾਸ ਵਿੱਚ ਤਿਰੰਗੇ ਦਾ ਅਪਮਾਨ ਕੀਤਾ ਸੀ। ਆਓ ਜਾਣਦੇ ਹਾਂ ਅਵਤਾਰ ਸਿੰਘ ਖੰਡਾ ਬਾਰੇ...
ਮੋਗਾ ਦਾ ਵਸਨੀਕ ਸੀ ਅਵਤਾਰ ਸਿੰਘ ਖੰਡਾ:ਖਾਲਿਸਤਾਨ ਆਗੂ ਅਵਤਾਰ ਸਿੰਘ ਖੰਡਾ ਮੋਗਾ ਜ਼ਿਲ੍ਹੇ ਦਾ ਵਸਨੀਕ ਸੀ। ਖੰਡਾ ਦਾ ਜਨਮ 1988 ਵਿੱਚ ਰੋਡੇ ਪਿੰਡ ਵਿੱਚ ਹੋਇਆ ਸੀ। ਅਵਤਾਰ ਸਿੰਘ ਖੰਡਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਕੁਲਵੰਤ ਸਿੰਘ ਖੁਖਰਾਣਾ ਦਾ ਪੁੱਤਰ ਸੀ। ਪਿਤਾ ਦਾ ਨਾਂ ਖਾਲਿਸਤਾਨੀ ਮੂਵਮੈਂਟ ਨਾਲ ਜੁੜਿਆ ਹੋਣ ਕਾਰਨ ਸੁਰੱਖਿਆ ਏਜੰਸੀ ਅਕਸਰ ਅਵਤਾਰ ਦੇ ਘਰ ਪੁੱਛਗਿੱਛ ਲਈ ਆਉਂਦੀ ਰਹਿੰਦੀਆਂ ਸਨ। ਇਸ ਕਾਰਨ ਉਹਨਾਂ ਦਾ ਪਰਿਵਾਰ ਪੰਜਾਬ ਵਿੱਚ ਇੱਕ ਥਾਂ ਉੱਤੇ ਨਹੀਂ ਰਹਿੰਦਾ ਸੀ।
ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜਿਆ ਸੀ ਖੰਡਾ ਦਾ ਪਰਿਵਾਰ:ਅਵਤਾਰ ਦੇ ਪਿਤਾ ਅਤੇ ਚਾਚਾ ਦੋਵੇਂ ਖਾਲਿਸਤਾਨੀ ਫੋਰਸ ਦੇ ਸਰਗਰਮ ਮੈਂਬਰ ਸਨ। ਖੰਡਾ ਦੇ ਜਨਮ ਤੋਂ ਤਿੰਨ ਸਾਲ ਬਾਅਦ 3 ਮਾਰਚ 1991 ਨੂੰ ਉਸ ਦੇ ਪਿਤਾ ਕੁਲਵੰਤ ਸਿੰਘ ਖੁਖਰਾਣਾ ਨੂੰ ਵੀ ਸੁਰੱਖਿਆ ਬਲਾਂ ਦਾ ਸਾਹਮਣਾ ਕਰਨਾ ਪਿਆ। 1988 ਵਿੱਚ ਖੰਡਾ ਦੇ ਚਾਚਾ ਬਲਵੰਤ ਸਿੰਘ ਖੁਖਰਾਣਾ ਸੁਰੱਖਿਆ ਬਲਾਂ ਦੁਆਰਾ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਅਵਤਾਰ ਦੇ ਮਾਮਾ ਗੁਰਜੰਟ ਸਿੰਘ ਬੁੱਧ ਸਿੰਘਵਾਲਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸਨ।
22 ਸਾਲ ਦੀ ਉਮਰ ਵਿੱਚ ਖੰਡਾ ਪੜ੍ਹਾਈ ਲਈ ਬਰਤਾਨੀਆ ਚਲਾ ਗਿਆ। ਇੱਥੇ ਉਹ ਖਾਲਿਸਤਾਨੀਆਂ ਦੇ ਸੰਪਰਕ ਵਿੱਚ ਆਇਆ ਅਤੇ ਫਿਰ ਖਾਲਿਸਤਾਨੀ ਲਹਿਰ ਦਾ ਸਰਗਰਮ ਮੈਂਬਰ ਬਣ ਗਿਆ। ਇਸ ਤੋਂ ਬਾਅਦ ਅਵਤਾਰ ਸਿੰਘ ਖੰਡਾ ਅਕਾਲੀ ਦਲ (ਮਾਨ) ਜਥੇਬੰਦੀ ਵਿੱਚ ਸ਼ਾਮਲ ਹੋ ਗਏ। ਇਸ ਜਥੇਬੰਦੀ ਵਿੱਚ ਸ਼ਾਮਲ ਹੋਣ ਦੇ ਕੁਝ ਦਿਨਾਂ ਵਿੱਚ ਹੀ ਉਹ ਜਥੇਬੰਦੀ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਬਣ ਗਏ। ਖੰਡਾ ਕੁਝ ਸਮੇਂ ਵਿੱਚ ਬਹੁਤ ਸਰਗਰਮ ਹੋ ਗਿਆ ਸੀ ਤੇ UK ਵਿੱਚ ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨ ਦੀ ਬੁਲੰਦ ਆਵਾਜ਼ ਅਵਤਾਰ ਸਿੰਘ ਖੰਡਾ ਦੀ ਬਦੌਲਤ ਹੀ ਹੈ।
ਭਾਰਤ ਨੇ ਖੰਡਾ ਨੂੰ ਐਲਾਨਿਆਂ ਸੀ ਅੱਤਵਾਦੀ:ਖੰਡਾ ਨੂੰ ਭਾਰਤ ਦਾ ਗੱਦਾਰ ਦੱਸਦੇ ਹੋਏ ਕਿਹਾ ਸੀ ਕਿ ਉਹ ਕੱਟੜਪੰਥੀ ਸੰਗਠਨ 'ਚ ਸ਼ਾਮਲ ਹੋ ਕੇ ਨੌਜਵਾਨਾਂ ਨੂੰ ਖਾੜਕੂਵਾਦ ਦੀ ਸਿਖਲਾਈ ਦੇ ਰਿਹਾ ਸੀ। 2015 ਵਿੱਚ ਭਾਰਤ ਨੇ ਕੁਝ ਭਾਰਤ ਵਿਰੋਧੀ ਲੋਕਾਂ ਦੇ ਨਾਮ ਬ੍ਰਿਟਿਸ਼ ਸਰਕਾਰ ਨੂੰ ਸੌਂਪੇ ਸਨ। ਅਵਤਾਰ ਸਿੰਘ ਖੰਡਾ ਦਾ ਨਾਂ ਵੀ ਇਨ੍ਹਾਂ ਵਿੱਚ ਸ਼ਾਮਲ ਸੀ।